3000 ਰੁਪਏ ਲਈ ਦੋਸਤ ਦਾ ਕਤਲ, ਨਾਬਾਲਗ ਨੂੰ ਉਮਰਕੈਦ ਦੀ ਸਜ਼ਾ
Juvenile sentenced to life imprisonment: ਚੰਡੀਗੜ੍ਹ: ਜਨਵਰੀ 2019 ਵਿੱਚ ਸੈਕਟਰ-25 ਵਿੱਚ ਹੋਏ ਸੰਦੀਪ ਕਤਲ ਮਾਮਲੇ ਵਿੱਚ ਅਦਾਲਤ ਨੇ ਇੱਕ ਨਾਬਾਲਗ ਦੋਸਤ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਦੋ ਹੋਰ ਦੋਸ਼ੀ ਸੰਦੀਪ ਅਤੇ ਰਣਜੀਤ ਪਹਿਲਾਂ ਹੀ ਉਮਰਕੈਦ ਦੀ ਸਜ਼ਾ ਕੱਟ ਰਹੇ ਹਨ।
ਨਾਬਾਲਗ ਖ਼ਿਲਾਫ਼ ਮਾਮਲਾ ਪਹਿਲਾਂ ਜੁਵੇਨਾਈਲ ਜਸਟਿਸ ਬੋਰਡ ਸਾਹਮਣੇ ਚੱਲ ਰਿਹਾ ਸੀ, ਜਿਸ ਤੋਂ ਬਾਅਦ ਇਸ ਨੂੰ ਸੈਸ਼ਨ ਕੋਰਟ ਵਿੱਚ ਟਰਾਂਸਫਰ ਕੀਤਾ ਗਿਆ। ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਅਪਰਾਧ ਕਰਨ ਦੀ ਕੋਈ ਉਮਰ ਨਹੀਂ ਹੁੰਦੀ, ਪਰ ਸਜ਼ਾ ਭੁਗਤਣ ਦੀ ਉਮਰ ਤੈਅ ਹੁੰਦੀ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਸੰਦੀਪ ਨੇ ਮੁਲਜ਼ਮਾਂ ਤੋਂ ਆਪਣੇ ₹3,000 ਵਾਪਸ ਮੰਗੇ ਸਨ। ਇਸ ਤੋਂ ਬਾਅਦ ਦੋਸਤਾਂ ਨੇ ਕਥਿਤ ਤੌਰ ’ਤੇ ਧਾਰਦਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
22 ਜਨਵਰੀ 2019 ਨੂੰ ਸੈਕਟਰ-25 ਦੇ ਵਾਸੁਦੇਵ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਇੱਕ ਨੌਜਵਾਨ ਬੇਹੋਸ਼ ਹਾਲਤ ਵਿੱਚ ਪਿਆ ਹੈ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹਨ। ਮੌਕੇ ’ਤੇ ਪਹੁੰਚੀ ਪੁਲਿਸ ਨੇ ਨੌਜਵਾਨ ਦੀ ਪਛਾਣ ਸੰਦੀਪ ਵਜੋਂ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਸੰਦੀਪ, ਰਣਜੀਤ ਅਤੇ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਸੀ।
