ਲੰਡਨ: ਭਿਆਨਕ ਸੜਕ ਹਾਦਸੇ ’ਚ ਸਿੱਖ ਨੌਜਵਾਨ ਦੀ ਮੌਤ
London: Sikh youth dies in road accident: ਨਵੀਂ ਦਿੱਲੀ: ਦੱਖਣ-ਪੱਛਮੀ ਲੰਡਨ ਦੇ ਸਾਊਥਹਾਲ ਇਲਾਕੇ ਵਿੱਚ ਸ਼ਨਿਚਰਵਾਰ ਤੜਕੇ ਵਾਪਰੇ ਸੜਕ ਹਾਦਸੇ ਵਿੱਚ 17 ਸਾਲਾ ਸਿੱਖ ਨੌਜਵਾਨ ਰਣਬੀਰ ਸਿੰਘ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੈਟਰੋਪੋਲੀਟਨ ਪੁਲਿਸ ਨੇ ਮੌਕੇ ’ਤੇ ਮੌਜੂਦ ਲੋਕਾਂ ਅਤੇ ਘਟਨਾ ਨਾਲ ਸਬੰਧਤ ਜਾਣਕਾਰੀ ਰੱਖਣ ਵਾਲਿਆਂ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਮੁਤਾਬਕ ਰਣਬੀਰ ਸਿੰਘ ਨੂੰ ਇੱਕ ਫੋਰਡ ਮਸਤਾਂਗ ਨੇ ਟੱਕਰ ਮਾਰੀ। ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਤੋਂ ਬਾਅਦ ਉਸ ਨੂੰ ਬਚਾਉਣ ਲਈ ਡਾਕਟਰੀ ਸਹਾਇਤਾ ਦਿੱਤੀ ਗਈ, ਪਰ ਉਸ ਦੀ ਮੌਤ ਹੋ ਗਈ। ਹਾਦਸੇ ਵਿੱਚ ਇੱਕ 26 ਸਾਲਾ ਨੌਜਵਾਨ ਵੀ ਗੰਭੀਰ ਜ਼ਖ਼ਮੀ ਹੋਇਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਡਰਾਈਵਰ ਗ੍ਰਿਫ਼ਤਾਰ, ਅਦਾਲਤ ’ਚ ਪੇਸ਼
ਮੈਟਰੋਪੋਲੀਟਨ ਪੁਲੀਸ ਨੇ 20 ਸਾਲਾ ਸੁਖਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਲਾਪਰਵਾਹੀ ਨਾਲ ਡਰਾਈਵਿੰਗ, ਬਿਨਾਂ ਲਾਇਸੈਂਸ ਗੱਡੀ ਚਲਾਉਣ ਅਤੇ ਬਿਨਾਂ ਬੀਮੇ ਵਾਹਨ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ। ਸੁਖਵੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਸ ਨੂੰ 19 ਅਕਤੂਬਰ ਨੂੰ ਓਲਡ ਬੇਲੀ ਕੋਰਟ ਵਿੱਚ ਮੁੜ ਪੇਸ਼ ਕੀਤਾ ਜਾਣਾ ਹੈ। ਪੁਲੀਸ ਨੇ ਦੱਸਿਆ ਕਿ ਰਣਬੀਰ ਸਿੰਘ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਵਿਸ਼ੇਸ਼ ਅਧਿਕਾਰੀ ਪਰਿਵਾਰ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਨ।
CCTV ਅਤੇ ਡੈਸ਼ਕੈਮ ਫੁਟੇਜ ਦੀ ਮੰਗ
ਮੈਟਰੋਪੋਲੀਟਨ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਹਾਦਸੇ ਨਾਲ ਸਬੰਧਤ CCTV, ਡੋਰਬੈੱਲ ਕੈਮਰਾ, ਮੋਬਾਈਲ ਫੋਨ ਜਾਂ ਡੈਸ਼ਕੈਮ ਦੀ ਫੁਟੇਜ ਹੈ ਤਾਂ ਉਹ ਪੁਲੀਸ ਨਾਲ ਸਾਂਝੀ ਕਰਨ। ਡਿਟੈਕਟਿਵ ਇੰਸਪੈਕਟਰ ਫਿਆਜ਼ ਜੰਜੂਆ ਨੇ ਕਿਹਾ ਕਿ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਦੂਜਾ ਗੰਭੀਰ ਜ਼ਖ਼ਮੀ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਨੂੰ ਚਾਰਜ ਕੀਤਾ ਜਾ ਚੁੱਕਾ ਹੈ, ਪਰ ਹਾਦਸੇ ਤੋਂ ਪਹਿਲਾਂ ਦੇ ਹਾਲਾਤ ਸਮੇਤ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਿਨ੍ਹਾਂ ਨੇ ਹਾਦਸਾ ਵਾਪਰਦਾ ਦੇਖਿਆ ਸੀ।
