ਵੱਡੀ ਖ਼ਬਰ: ਮੌਜੂਦਾ ਸਰਪੰਚ ਦੇ ਘਰ ਬਾਹਰ ਫਾਇਰਿੰਗ
Firing outside the Sarpanch’s house: ਅਬੋਹਰ: ਹਲਕਾ ਬੱਲੂਆਣਾ ਦੇ ਪਿੰਡ ਭਾਗਸਰ ਦੇ ਮੌਜੂਦਾ ਸਰਪੰਚ ਸੁਧੀਰ ਕੂਕਨਾ ਦੇ ਘਰ ਦੇ ਬਾਹਰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਪੰਚ ਮੁਤਾਬਕ ਘਟਨਾ ਦੌਰਾਨ 3 ਤੋਂ 4 ਰਾਊਂਡ ਫਾਇਰ ਕੀਤੇ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਗੋਲਡੀ ਮੁਸਾਫਿਰ ਵੱਲੋਂ ਪਿੰਡ ਵਿੱਚ ਡੋਰ-ਟੂ-ਡੋਰ ਪ੍ਰੋਗਰਾਮ ਰੱਖਿਆ ਗਿਆ ਸੀ ਅਤੇ ਇਸ ਦੀਆਂ ਤਿਆਰੀਆਂ ਰਾਤ ਸਮੇਂ ਚੱਲ ਰਹੀਆਂ ਸਨ। ਇਸੇ ਦੌਰਾਨ ਸਰਪੰਚ ਦੇ ਘਰ ਦੇ ਬਾਹਰ ਫਾਇਰਿੰਗ ਹੋਈ।
ਮੌਕੇ ’ਤੇ ਪਹੁੰਚੇ ਵਿਧਾਇਕ ਅਮਨਦੀਪ ਗੋਲਡੀ ਮੁਸਾਫਿਰ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਘਟਨਾ ਨੂੰ ਸਿਆਸੀ ਰੰਜਿਸ਼ ਨਾਲ ਜੋੜਿਆ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਗੱਲ ਕਹੀ।
ਸਰਪੰਚ ਸੁਧੀਰ ਕੂਕਨਾ ਨੇ ਵੀ ਘਟਨਾ ਨੂੰ ਰੰਜਿਸ਼ ਦਾ ਨਤੀਜਾ ਦੱਸਦਿਆਂ ਪੰਜਾਬ ਸਰਕਾਰ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਬਹਾਵ ਵਾਲਾ ਦੇ ਮੁਖੀ ਰਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਰਪੰਚ ਵੱਲੋਂ ਫਾਇਰਿੰਗ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਉਨ੍ਹਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
