ਦੋ ਦਿਨ ਤੋਂ ਲਾਪਤਾ ਆਮ ਆਦਮੀ ਦੇ ਸਰਪੰਚ ਦੇ ਪਤੀ ਦੀ ਲਾਸ਼ ਬਰਮਦ
Body of Aam Aadmi Party Sarpanch’s Husband Recovered: ਅੰਮ੍ਰਿਤਸਰ: ਅਜਨਾਲਾ ਖੇਤਰ ਦੇ ਪਿੰਡ ਮਹਿਮਦ ਮੰਦਰਾਵਾਲਾ ਤੋਂ ਦੋ ਦਿਨ ਤੋਂ ਲਾਪਤਾ ਮਹਿਲਾ ਸਰਪੰਚ ਦੇ ਪਤੀ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ ਦੀ ਮ੍ਰਿਤਕ ਦੇਹ ਰਮਦਾਸ ਖੇਤਰ ਤੋਂ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁਲਜੀਤ ਸਿੰਘ 21 ਸਤੰਬਰ ਨੂੰ ਸਵੇਰੇ ਕਰੀਬ 10:15 ਵਜੇ ਘਰ ਤੋਂ ਫਤਿਹਗੜ੍ਹ ਚੂੜੀਆਂ ਵਿਖੇ ਕੰਮ ਲਈ ਗਏ ਸਨ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤੇ। ਪਰਿਵਾਰ ਵੱਲੋਂ ਕਾਫੀ ਭਾਲ ਕਰਨ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਤਕਨੀਕੀ ਟੀਮਾਂ ਵੀ ਲਗਾਈਆਂ ਸਨ।
ਮ੍ਰਿਤਕ ਦੇਹ ਮਿਲਣ ਤੋਂ ਬਾਅਦ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਔਜਲਾ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਦਾਅਵਾ ਕੀਤਾ ਕਿ ਕੁਲਜੀਤ ਸਿੰਘ ਦਾ ਮੋਬਾਈਲ ਕਈ ਘੰਟਿਆਂ ਤੱਕ ਚਾਲੂ ਰਿਹਾ, ਪਰ ਪਰਿਵਾਰ ਨੂੰ ਉਨ੍ਹਾਂ ਦੀ ਸਹੀ ਜਾਣਕਾਰੀ ਨਹੀਂ ਮਿਲ ਸਕੀ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਕਮਾਲਪੁਰ ਦੇ ਜੰਗਲ, ਪੰਡੋਰੀ ਅਤੇ ਕੋਟ ਰਜ਼ਾਦਾ ਸਮੇਤ ਵੱਖ-ਵੱਖ ਥਾਵਾਂ ’ਤੇ ਭੇਜਿਆ ਜਾਂਦਾ ਰਿਹਾ।
ਪਰਿਵਾਰ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਿਸ ਥਾਂ ਤੋਂ ਕੁਲਜੀਤ ਸਿੰਘ ਦੀ ਮ੍ਰਿਤਕ ਦੇਹ ਮਿਲੀ, ਉੱਥੇ ਪਹਿਲਾਂ ਹੀ ਸਰਚ ਅਤੇ ਕੌਂਬਿੰਗ ਕੀਤੀ ਜਾ ਚੁੱਕੀ ਸੀ। ਇਸ ਆਧਾਰ ’ਤੇ ਪਰਿਵਾਰ ਨੇ ਖ਼ਦਸ਼ਾ ਜਤਾਇਆ ਹੈ ਕਿ ਮ੍ਰਿਤਕ ਦੇਹ ਨੂੰ ਬਾਅਦ ਵਿੱਚ ਉੱਥੇ ਲਿਆਂਦਾ ਗਿਆ ਹੋ ਸਕਦਾ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਔਜਲਾ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਅਤੇ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਮਾਮਲੇ ਨੂੰ ਗੰਭੀਰ ਦੱਸਦਿਆਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਨਾਲ ਖੜ੍ਹੇ ਰਹਿਣ ਦੀ ਗੱਲ ਕਹੀ। ਹਾਲਾਂਕਿ ਕਤਲ ਜਾਂ ਕਿਸੇ ਹੋਰ ਸਾਜ਼ਿਸ਼ ਸਬੰਧੀ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ ਹੈ।
ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੁਲਜੀਤ ਸਿੰਘ ਦੀ ਮੌਤ ਕਿਹੜੀਆਂ ਹਾਲਾਤਾਂ ਵਿੱਚ ਹੋਈ। ਪੋਸਟਮਾਰਟਮ ਰਿਪੋਰਟ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਸਥਿਤੀ ਸਪੱਸ਼ਟ ਹੋਵੇਗੀ।
