GMADA ‘ਤੇ ED ਰੇਡ ਖ਼ਿਲਾਫ਼ AAP ਦਾ ਪ੍ਰਦਰਸ਼ਨ, ਪੁੱਡਾ ਭਵਨ ਪਹੁੰਚੇ ਵਰਕਰ
AAP protests against ED raid on GMADA; ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (GMADA) ਦੇ ਪੰਜਾਬ ਅਤੇ ਚੰਡੀਗੜ੍ਹ ਦਫ਼ਤਰਾਂ ਵਿੱਚ ਪਿਛਲੇ 2 ਦਿਨਾਂ ਤੋਂ ਚੱਲ ਰਹੀ ED ਦੀ ਕਾਰਵਾਈ ਖ਼ਿਲਾਫ਼ ਆਮ ਆਦਮੀ ਪਾਰਟੀ (AAP) ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
AAP ਵਰਕਰ ਮੋਹਾਲੀ ਦੇ ਪੁੱਡਾ ਭਵਨ ਪਹੁੰਚੇ, ਜਿੱਥੇ ਉਨ੍ਹਾਂ ਦੀ ਸੁਰੱਖਿਆ ਕਰਮਚਾਰੀਆਂ ਨਾਲ ਧੱਕਾਮੁੱਕੀ ਹੋ ਗਈ। ਕੁਝ ਵਰਕਰਾਂ ਨੇ ਬੈਰੀਕੇਡ ਤੋੜ ਕੇ ਭਵਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ CRPF ਦੇ ਜਵਾਨਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ।
ਪੁੱਡਾ ਭਵਨ ਵਿੱਚ ਵੱਡੀ ਗਿਣਤੀ ਵਿੱਚ CRPF ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਮਨੀਸ਼ ਸਿਸੋਦੀਆ ਨੇ ED ਕਾਰਵਾਈ ’ਤੇ ਸਾਧਿਆ ਨਿਸ਼ਾਨਾ
ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ED ਦੀ ਕਾਰਵਾਈ ਨੂੰ ਲੈ ਕੇ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ED ਦੀ ਕਾਰਵਾਈ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਏਜੰਸੀ ਲੋਕਾਂ ਨੂੰ ਡਰਾਉਣ ਲਈ ਵਰਤੀ ਜਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਛਾਪਿਆਂ ਦੌਰਾਨ ਕੁਝ ਨਹੀਂ ਮਿਲ ਰਿਹਾ ਅਤੇ ਟੀਮਾਂ ਖਾਲੀ ਹੱਥ ਵਾਪਸ ਆ ਰਹੀਆਂ ਹਨ।
ED ਰੇਡ ਮਾਮਲੇ ’ਚ ਪੰਜਾਬ ਸਰਕਾਰ ਪਹੁੰਚੀ ਹਾਈਕੋਰਟ
GMADA ਦੇ ਪੰਜਾਬ ਅਤੇ ਚੰਡੀਗੜ੍ਹ ਦਫ਼ਤਰਾਂ ਵਿੱਚ 2 ਦਿਨਾਂ ਤੋਂ ED ਦੀ ਰੇਡ ਜਾਰੀ ਹੈ। ED ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਲੁਧਿਆਣਾ ਸਥਿਤ ਘਰ ’ਤੇ ਵੀ ਤਲਾਸ਼ੀ ਲਈ ਗਈ।
ਇਸ ਤੋਂ ਇਲਾਵਾ ਟੀਮ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੇ ਚੰਡੀਗੜ੍ਹ ਸਥਿਤ ਘਰ ਵੀ ਪਹੁੰਚੀ ਸੀ।
ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਨੇ ਹਾਈਕੋਰਟ ਦਾ ਰੁਖ ਕੀਤਾ ਅਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ। ਹਾਈਕੋਰਟ ਨੇ ED ਦੀ ਛਾਪੇਮਾਰੀ ਦੀ ਨਿਗਰਾਨੀ ਲਈ ਵਾਰੰਟ ਅਫ਼ਸਰ ਨਿਯੁਕਤ ਕੀਤਾ ਹੈ।
ਵਾਰੰਟ ਅਫ਼ਸਰ ਨੂੰ ਮੌਕੇ ’ਤੇ ਜਾ ਕੇ ਛਾਪੇਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੂੰ ਵੀਰਵਾਰ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਸੌਂਪਣੀ ਹੋਵੇਗੀ।
ਰਵਨੀਤ ਬਿੱਟੂ ਦੀ ਸੋਸ਼ਲ ਮੀਡੀਆ ਪੋਸਟ ਨਾਲ ਸਿਆਸੀ ਹਲਚਲ
ED ਦੀ ਕਾਰਵਾਈ ਦੌਰਾਨ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੀ ਇੱਕ ਸੋਸ਼ਲ ਮੀਡੀਆ ਪੋਸਟ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਦਾ ਇੱਕ ਮੰਤਰੀ ਦੇਸ਼ ਛੱਡ ਕੇ ਭੱਜ ਗਿਆ ਹੈ। ਹਾਲਾਂਕਿ ਇਸ ਦਾਅਵੇ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।
ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜਾਬ IAS ਅਧਿਕਾਰੀ ਦੇ ਘਰੋਂ ਕਰੀਬ ਢਾਈ ਕਰੋੜ ਰੁਪਏ ਨਕਦ, ਸਵਾ ਕਿਲੋ ਸੋਨਾ-ਚਾਂਦੀ ਅਤੇ ਜ਼ਮੀਨ ਨਾਲ ਜੁੜੇ ਦਸਤਾਵੇਜ਼ ਮਿਲੇ ਹਨ। ਮਾਮਲੇ ਦੀ ਜਾਂਚ ਜਾਰੀ ਹੈ।
