ਥਾਣੇ ’ਚ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਨਿਗਲਿਆ ਜ਼ਹਿਰ, ਪੁਲਿਸ ’ਤੇ ਲਗਾਏ ਰਿਸ਼ਵਤ ਦੇ ਦੋਸ਼
Dhanoula Police Station Suicide Attempt; ਬਰਨਾਲਾ ਦੇ ਧਨੌਲਾ ਥਾਣੇ ਵਿੱਚ ਵੀਰਵਾਰ ਸਵੇਰੇ ਇੱਕ ਨੌਜਵਾਨ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਪੁਲਿਸ ’ਤੇ ਉਸ ਨੂੰ ਪਰੇਸ਼ਾਨ ਕਰਨ ਅਤੇ ਕਾਰ ਨੂੰ ਲੱਗੀ ਅੱਗ ਦੀ ਸ਼ਿਕਾਇਤ ਦਰਜ ਕਰਨ ਬਦਲੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ।
ਨੌਜਵਾਨ ਦੀ ਪਛਾਣ ਜੋਬਨਪ੍ਰੀਤ ਸਿੰਘ ਵਜੋਂ ਹੋਈ ਹੈ। ਜ਼ਹਿਰ ਨਿਗਲਣ ਤੋਂ ਪਹਿਲਾਂ ਉਸ ਨੇ ਕਰੀਬ 3 ਮਿੰਟ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਜਾਰੀ ਕੀਤਾ, ਜਿਸ ਵਿੱਚ ਉਸ ਨੇ ਕਈ ਗੰਭੀਰ ਦੋਸ਼ ਲਗਾਏ।
ਕਾਰ ਨੂੰ ਅੱਗ ਲੱਗਣ ਦੇ ਮਾਮਲੇ ’ਚ ਰਿਸ਼ਵਤ ਮੰਗਣ ਦਾ ਦੋਸ਼
ਵੀਡੀਓ ਵਿੱਚ ਜੋਬਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਕਾਰ ਨੂੰ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ ਸੀ। ਬੀਮਾ ਕਲੇਮ ਲਈ ਉਸ ਨੂੰ DDR ਦੀ ਲੋੜ ਸੀ, ਪਰ ਉਸ ਦਾ ਦੋਸ਼ ਹੈ ਕਿ ਥਾਣੇ ਦੇ ਮੁਲਾਜ਼ਮਾਂ ਵੱਲੋਂ ਉਸ ਨੂੰ ਕਈ ਦਿਨਾਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ।
ਉਸ ਨੇ ਦੋਸ਼ ਲਗਾਇਆ ਕਿ ਕਦੇ 10 ਹਜ਼ਾਰ ਅਤੇ ਕਦੇ 5 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਉਸ ਨੇ ਕਿਹਾ ਕਿ ਇਸੇ ਪਰੇਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਧੂਰੀ ਦੇ ਪਟਵਾਰੀ ’ਤੇ ਵੀ ਲਗਾਏ ਦੋਸ਼
ਨੌਜਵਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਦੇ ਇੱਕ ਪਟਵਾਰੀ ’ਤੇ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ।
ਉਸ ਨੇ ਵੀਡੀਓ ਵਿੱਚ ਕਿਹਾ ਕਿ ਜ਼ਮੀਨੀ ਵਿਵਾਦ ਨਾਲ ਜੁੜੇ ਮਾਮਲੇ ਵਿੱਚ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਉਹ ਇਹ ਕਦਮ ਚੁੱਕ ਰਿਹਾ ਹੈ।
ਪਰਿਵਾਰ ਨੇ ਵੀ ਪੁਲਿਸ ’ਤੇ ਲਗਾਏ ਦੋਸ਼
ਘਟਨਾ ਤੋਂ ਬਾਅਦ ਜੋਬਨਪ੍ਰੀਤ ਸਿੰਘ ਦੇ ਭਰਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਦੋਸ਼ ਲਗਾਇਆ ਕਿ ਪੁਲਿਸ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਥਾਣੇ ਦਾ ਗੇਟ ਬੰਦ ਕਰ ਦਿੱਤਾ।
SSP ਨੇ ਕਿਹਾ- ਦੋਸ਼ਾਂ ਦੀ ਜਾਂਚ ਜਾਰੀ
ਬਰਨਾਲਾ ਦੇ SSP ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਨੌਜਵਾਨ ਦੀ ਹਾਲਤ ਇਸ ਸਮੇਂ ਸਥਿਰ ਹੈ ਅਤੇ ਉਸ ਦਾ ਇਲਾਜ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮਾਂ ਅਤੇ ਇੱਕ ਪਟਵਾਰੀ ਖ਼ਿਲਾਫ਼ ਦੋ ਮੁੱਦੇ ਉਠਾਏ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
