ਕੈਨੇਡਾ ਬੇਅਦਵੀ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 15 ਦਿਨਾਂ ’ਚ ਲਿਖਤੀ ਸਪੱਸ਼ਟੀਕਰਨ ਦੇਣ ਦੇ ਆਦੇਸ਼
Canada Sacrilege Case: ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲਿਜਾਣ ਸਮੇਂ ਮਰਯਾਦਾ ਅਤੇ ਸਤਿਕਾਰ ਸਬੰਧੀ ਸਾਹਮਣੇ ਆਈ ਘਟਨਾ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ, ਸਰੀ, ਬੀ.ਸੀ. ਕੈਨੇਡਾ ਤੋਂ ਲਿਖਤੀ ਸਪੱਸ਼ਟੀਕਰਨ ਮੰਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਮੁਤਾਬਕ, ਟੋਰਾਂਟੋ ਤੋਂ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਾਪਤ ਕਰਨ ਲਈ ਸਰੀ ਸਥਿਤ ਗੁਰਦੁਆਰਾ ਸਾਹਿਬ ਪਹੁੰਚੇ ਸਨ। ਇਸ ਦੌਰਾਨ ਪਾਵਨ ਸਰੂਪ ਲਿਜਾਣ ਵਾਲੀਆਂ ਗੱਡੀਆਂ ਦੀ ਮਰਯਾਦਾ ਅਤੇ ਗੁਰੂ ਸਾਹਿਬ ਦੇ ਸਤਿਕਾਰ ਪੱਖੋਂ ਜਾਂਚ ਕੀਤੇ ਬਿਨਾਂ ਹੀ ਸਰੂਪ ਦੇਣ ਦੀ ਆਗਿਆ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ।
ਸਥਾਨਕ ਸੰਗਤ ਵੱਲੋਂ ਇਤਰਾਜ਼ ਕੀਤੇ ਜਾਣ ਤੋਂ ਬਾਅਦ ਪ੍ਰਬੰਧਕਾਂ ਨੇ ਪਾਵਨ ਸਰੂਪ ਮੁੜ ਗੁਰਦੁਆਰਾ ਸਾਹਿਬ ਵਿਖੇ ਬਿਰਾਜਮਾਨ ਕਰਵਾ ਦਿੱਤੇ। ਇਸ ਮਾਮਲੇ ਸਬੰਧੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਪੱਸ਼ਟੀਕਰਨ ਦੇਣ ਦੇ ਨਾਲ ਸੰਗਤ ਤੋਂ ਖਿਮਾ ਯਾਚਨਾ ਵੀ ਕੀਤੀ ਗਈ ਹੈ।
15 ਦਿਨਾਂ ਵਿੱਚ ਦੇਣਾ ਹੋਵੇਗਾ ਜਵਾਬ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ਾਂ ਅਨੁਸਾਰ ਗੁਰਦੁਆਰਾ ਐਸੋਸੀਏਸ਼ਨ ਨੂੰ ਇਸ ਮਾਮਲੇ ਵਿੱਚ ਹੋਈ ਅਣਗਹਿਲੀ ਸਬੰਧੀ 15 ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਐਸੋਸੀਏਸ਼ਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਰਾਹੀਂ ਪਿਛਲੇ ਸਮੇਂ ਦੌਰਾਨ ਪ੍ਰਾਪਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਮੁਕੰਮਲ ਵੇਰਵੇ ਸਹਿਤ ਜਾਣਕਾਰੀ ਵੀ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।
ਪ੍ਰਬੰਧਕਾਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਪ੍ਰਾਪਤ ਹੋਏ ਪਾਵਨ ਸਰੂਪਾਂ ਵਿੱਚੋਂ ਕਿੰਨੇ ਸੰਗਤਾਂ ਨੂੰ ਦਿੱਤੇ ਗਏ, ਕਿੰਨੇ ਗੁਰਦੁਆਰਾ ਸਾਹਿਬ ਕੋਲ ਮੌਜੂਦ ਹਨ ਅਤੇ ਹੋਰ ਕਿੰਨੇ ਸਰੂਪਾਂ ਦੀ ਸੰਗਤ ਵੱਲੋਂ ਮੰਗ ਕੀਤੀ ਜਾ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੀ.ਸੀ. ਕੈਨੇਡਾ ਦੀ ਸਮੂਹ ਸੰਗਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਗੁਰੂ ਸਾਹਿਬ ਪ੍ਰਤੀ ਭੈਅ-ਭਾਵਨੀ ਕਾਇਮ ਰੱਖਦਿਆਂ ਗੁਰਦੁਆਰਾ ਪ੍ਰਬੰਧਕਾਂ ਨਾਲ ਪ੍ਰੇਮ, ਸਦਭਾਵਨਾ ਅਤੇ ਆਪਸੀ ਇਤਫ਼ਾਕ ਵਾਲਾ ਮਾਹੌਲ ਬਣਾਉਣ ਵਿੱਚ ਸਹਿਯੋਗ ਕੀਤਾ ਜਾਵੇ।
