ਬੱਦੀ ‘ਚ ਬਣ ਰਹੀਆਂ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਗੰਭੀਰ ਸਵਾਲ ਹੋਏ ਖੜ੍ਹੇ, 8 ਮਹੀਨਿਆਂ ‘ਚ 237 ਦਵਾਈਆਂ ਦੇ ਸੈਂਪਲ ਫੇਲ੍ਹ
237 medicine samples failed in 8 months: ਬੱਦੀ: ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਫਾਰਮਾ ਹੱਬ ਬੱਦੀ ਵਿੱਚ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਕੇਂਦਰੀ ਔਸ਼ਧੀ ਮਾਪਦੰਡ ਨਿਯੰਤਰਣ ਸੰਗਠਨ (CDSCO) ਦੀਆਂ ਡਰੱਗ ਅਲਰਟ ਰਿਪੋਰਟਾਂ ਮੁਤਾਬਕ ਜਨਵਰੀ ਤੋਂ ਅਗਸਤ 2026 ਤੱਕ ਕਰੀਬ 8 ਮਹੀਨਿਆਂ ਵਿੱਚ ਬੱਦੀ ਨਾਲ ਸਬੰਧਤ 237 ਦਵਾਈਆਂ ਦੇ ਸੈਂਪਲ ‘ਨਾਟ ਆਫ ਸਟੈਂਡਰਡ ਕੁਆਲਿਟੀ’ (NSQ) ਪਾਏ ਗਏ। ਫੇਲ੍ਹ ਹੋਏ ਸੈਂਪਲਾਂ ਵਿੱਚ ਬੁਖਾਰ ਅਤੇ ਦਰਦ ਨਿਵਾਰਕ ਦਵਾਈਆਂ ਤੋਂ ਇਲਾਵਾ ਹਾਰਟ, ਬਲੱਡ ਪ੍ਰੈਸ਼ਰ, ਡਾਇਬਟੀਜ਼, ਐਂਟੀਬਾਇਓਟਿਕ, ਕੈਲਸ਼ੀਅਮ ਅਤੇ ਬੈਕਟੀਰੀਅਲ ਇਨਫੈਕਸ਼ਨ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ।
ਇੱਕੋ ਇੰਜੈਕਸ਼ਨ ਦੇ ਸੈਂਪਲ ਕਈ ਵਾਰ ਫੇਲ੍ਹ
ਰਿਪੋਰਟ ਮੁਤਾਬਕ ਮਾਰਟਿਨ ਐਂਡ ਬ੍ਰਾਊਨ ਕੰਪਨੀ ਦੇ ਕਰੀਬ 13 ਸੈਂਪਲ ਇਸ ਮਿਆਦ ਦੌਰਾਨ ਫੇਲ੍ਹ ਪਾਏ ਗਏ। ਕੰਪਨੀ ਦਾ ਰੈਬੇਪ੍ਰਾਜ਼ੋਲ ਸੋਡੀਅਮ ਇੰਜੈਕਸ਼ਨ ਜਨਵਰੀ ਵਿੱਚ ਫੇਲ੍ਹ ਹੋਇਆ ਅਤੇ ਇਸੇ ਦਵਾਈ ਦੇ ਵੱਖ-ਵੱਖ ਬੈਚ ਫਰਵਰੀ, ਮਾਰਚ, ਅਪ੍ਰੈਲ, ਮਈ, ਜੁਲਾਈ ਅਤੇ ਅਗਸਤ ਵਿੱਚ ਵੀ ਗੁਣਵੱਤਾ ਜਾਂਚ ਵਿੱਚ ਫੇਲ੍ਹ ਪਾਏ ਗਏ। ਇਸੇ ਤਰ੍ਹਾਂ ਹੀਲਰਜ਼ ਲੈਬ ਦੇ ਕਰੀਬ 15 ਸੈਂਪਲ ਫੇਲ ਹੋਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੈਰਾਸੀਟਾਮੋਲ ਦੀਆਂ ਦਵਾਈਆਂ ਦੀ ਸੀ। ਅੱਠ ਮਹੀਨਿਆਂ ਦੌਰਾਨ ਕੰਪਨੀ ਦੀ ਪੈਰਾਸੀਟਾਮੋਲ ਦੇ ਕਰੀਬ 13 ਵੱਖ-ਵੱਖ ਬੈਚ ਗੁਣਵੱਤਾ ਜਾਂਚ ਵਿੱਚ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ।
ਵੱਖ-ਵੱਖ ਗੁਣਵੱਤਾ ਟੈਸਟਾਂ ਵਿੱਚ ਫੇਲ੍ਹ
CDSCO ਦੀਆਂ ਰਿਪੋਰਟਾਂ ਅਨੁਸਾਰ ਦਵਾਈਆਂ ਦੇ ਸੈਂਪਲ pH, Assay, Dissolution, Clarity ਅਤੇ Particulate Matter ਸਮੇਤ ਵੱਖ-ਵੱਖ ਗੁਣਵੱਤਾ ਮਾਪਦੰਡਾਂ ਵਿੱਚ ਫੇਲ੍ਹ ਪਾਏ ਗਏ ਹਨ। NSQ ਦਾ ਮਤਲਬ ਇਹ ਨਹੀਂ ਕਿ ਕਿਸੇ ਕੰਪਨੀ ਦੀ ਹਰ ਦਵਾਈ ਖਰਾਬ ਹੈ। ਇਸ ਦਾ ਸਬੰਧ ਉਸ ਖਾਸ ਦਵਾਈ ਦੇ ਉਸ ਬੈਚ ਅਤੇ ਜਾਂਚ ਵਿੱਚ ਸਾਹਮਣੇ ਆਈ ਕਮੀ ਨਾਲ ਹੁੰਦਾ ਹੈ।
ਸਬਸਟੈਂਡਰਡ ਦਵਾਈ ਨਾਲ ਕੀ ਹੋ ਸਕਦਾ ਹੈ ਅਸਰ ?
IGMC ਸ਼ਿਮਲਾ ਦੇ ਸਾਬਕਾ ਮੈਡੀਕਲ ਸੁਪਰਡੈਂਟ ਡਾ. ਰਮੇਸ਼ ਕੁਮਾਰ ਮੁਤਾਬਕ ਸਬਸਟੈਂਡਰਡ ਦਵਾਈ ਦੇ ਇਸਤੇਮਾਲ ਨਾਲ ਸਾਈਡ ਇਫੈਕਟ ਹੋ ਸਕਦੇ ਹਨ। ਇਸ ਦਾ ਅਸਰ ਦਵਾਈ ਵਿੱਚ ਮੌਜੂਦ ਸਾਲਟ ਅਤੇ ਉਸ ਦੀ ਗੁਣਵੱਤਾ ’ਤੇ ਨਿਰਭਰ ਕਰਦਾ ਹੈ। ਵੱਖ-ਵੱਖ ਦਵਾਈਆਂ ਦੇ ਸਾਲਟ ਵੱਖ ਹੋਣ ਕਾਰਨ ਪ੍ਰਭਾਵ ਵੀ ਵੱਖਰੇ ਹੋ ਸਕਦੇ ਹਨ।
ਡਰੱਗ ਕੰਟਰੋਲ ਵਿਭਾਗ ਦਾ ਕੀ ਕਹਿਣਾ ਹੈ ?
ਸਟੇਟ ਡਰੱਗ ਕੰਟਰੋਲਰ ਮਨੀਸ਼ ਕਪੂਰ ਮੁਤਾਬਕ ਦਵਾਈਆਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਨਿਯਮਿਤ ਤੌਰ ’ਤੇ ਸੈਂਪਲ ਲਏ ਜਾਂਦੇ ਹਨ। ਜੇਕਰ ਕੋਈ ਸੈਂਪਲ ਫੇਲ ਹੁੰਦਾ ਹੈ ਤਾਂ ਸਬੰਧਤ ਬੈਚ ਦਾ ਸਟਾਕ ਵਾਪਸ ਮੰਗਵਾਇਆ ਜਾਂਦਾ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੰਪਨੀ ਦੀਆਂ ਦਵਾਈਆਂ ਦੇ ਸੈਂਪਲ ਵਾਰ-ਵਾਰ ਫੇਲ ਹੁੰਦੇ ਹਨ ਤਾਂ ਉਸ ਦਾ ਲਾਇਸੈਂਸ ਪੱਕੇ ਤੌਰ ’ਤੇ ਸਸਪੈਂਡ ਕਰਨ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਬੱਦੀ-ਬਰੋਟੀਵਾਲਾ-ਨਾਲਾਗੜ੍ਹ (BBN) ਖੇਤਰ ਵਿੱਚ ਹਿਮਾਚਲ ਦੀਆਂ ਲਗਭਗ 650 ਫਾਰਮਾ ਯੂਨਿਟਾਂ ਹਨ। ਸੂਬੇ ਦੇ ਦਵਾਈ ਉਦਯੋਗ ਦਾ ਨਿਰਯਾਤ ਵਿੱਚ ਵੀ ਵੱਡਾ ਯੋਗਦਾਨ ਹੈ।
