ਅਮਰੀਕਾ ’ਚ ਨੌਰਈਸਟਰ ਤੂਫ਼ਾਨ ਦਾ ਕਹਿਰ, 400 ਤੋਂ ਵੱਧ ਉਡਾਣਾਂ ਰੱਦ
- ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ
Nor’easter storm wreaks havoc in US: ਵਾਸ਼ਿੰਗਟਨ: ਅਮਰੀਕਾ ਦੇ ਪੂਰਬੀ ਤੱਟੀ ਇਲਾਕਿਆਂ ਵਿੱਚ ਨੌਰਈਸਟਰ ਤੂਫ਼ਾਨ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦਾ ਦੌਰ ਜਾਰੀ ਹੈ। ਵਾਸ਼ਿੰਗਟਨ ਡੀਸੀ ਤੋਂ ਲੈ ਕੇ ਉੱਤਰ-ਪੂਰਬੀ ਸੂਬੇ ਮੇਨ ਤੱਕ ਤੂਫ਼ਾਨ ਕਾਰਨ ਤੱਟੀ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਤੂਫ਼ਾਨ ਦਾ ਅਸਰ ਹਵਾਈ ਆਵਾਜਾਈ ’ਤੇ ਵੀ ਪਿਆ ਹੈ। ਸ਼ਨੀਵਾਰ ਨੂੰ ਅਮਰੀਕਾ ਨਾਲ ਸਬੰਧਤ ਕਰੀਬ 425 ਉਡਾਣਾਂ ਰੱਦ ਹੋਈਆਂ, ਜਦਕਿ 1,338 ਉਡਾਣਾਂ ਦੇਰੀ ਨਾਲ ਚੱਲੀਆਂ। ਇਸ ਕਾਰਨ ਵੀਕਐਂਡ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਤੂਫ਼ਾਨ ਕਾਰਨ ਨਿਊ ਜਰਸੀ, ਕਨੈਕਟੀਕਟ, ਨਿਊਯਾਰਕ ਅਤੇ ਪੈਨਸਿਲਵੇਨੀਆ ਵਿੱਚ ਹਜ਼ਾਰਾਂ ਘਰਾਂ, ਦੁਕਾਨਾਂ ਅਤੇ ਦਫ਼ਤਰਾਂ ਦੀ ਬਿਜਲੀ ਪ੍ਰਭਾਵਿਤ ਹੋਈ। ਸ਼ਨੀਵਾਰ ਦੁਪਹਿਰ ਤੱਕ ਇਨ੍ਹਾਂ ਚਾਰ ਸੂਬਿਆਂ ਵਿੱਚ 88 ਹਜ਼ਾਰ ਤੋਂ ਵੱਧ ਬਿਜਲੀ ਕਨੈਕਸ਼ਨ ਪ੍ਰਭਾਵਿਤ ਸਨ। ਕਈ ਥਾਵਾਂ ’ਤੇ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਡਿੱਗਣ ਕਾਰਨ ਸਪਲਾਈ ਬੰਦ ਹੋਈ।
ਅਮਰੀਕੀ ਨੈਸ਼ਨਲ ਵੈਦਰ ਸਰਵਿਸ ਨੇ ਸੋਮਵਾਰ ਤੱਕ ਮਿਡ-ਐਟਲਾਂਟਿਕ ਅਤੇ ਨਿਊ ਇੰਗਲੈਂਡ ਖੇਤਰਾਂ ਵਿੱਚ ਖ਼ਰਾਬ ਮੌਸਮ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਹੈ। ਤੱਟੀ ਹੜ੍ਹ, ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰ ਵਿੱਚ ਖ਼ਤਰਨਾਕ ਧਾਰਾਵਾਂ ਦਾ ਖ਼ਤਰਾ ਦੱਸਿਆ ਗਿਆ ਹੈ। ਹਾਲਾਤ ਨੂੰ ਦੇਖਦਿਆਂ ਨਿਊਯਾਰਕ ਅਤੇ ਨਿਊ ਜਰਸੀ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਐਮਰਜੈਂਸੀ ਪ੍ਰਬੰਧ ਸਰਗਰਮ ਕੀਤੇ ਗਏ ਹਨ।
