ਏਸ਼ੀਅਨ ਗੇਮਜ਼ 2026: ਗੋਲਾਂ ਦੀ ਬਰਸਾਤ ਨਾਲ ਬੰਗਲਾਦੇਸ਼ ਵਿਰੁੱਧ ਭਾਰਤ ਦੀ ਵੱਡੀ ਜਿੱਤ, ਹੁਣ ਪਾਕਿਸਤਾਨ ਨਾਲ ਹੋਵੇਗਾ ਮਹਾਮੁਕਾਬਲਾ
Asian Games 2026; ਏਸ਼ੀਅਨ ਗੇਮਜ਼ 2026 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਲ-ਏ ਦੇ ਆਖਰੀ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 10-0 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਟੂਰਨਾਮੈਂਟ ਵਿੱਚ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ।
ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਮੈਚ ਵਿੱਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਹੈਟ੍ਰਿਕ ਲਗਾਈ। ਉਨ੍ਹਾਂ ਨੇ 27ਵੇਂ, 40ਵੇਂ ਅਤੇ 45ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਵੱਡੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਮੀਂਹ ਦੇ ਬਾਵਜੂਦ ਭਾਰਤ ਨੇ ਸ਼ੁਰੂ ਤੋਂ ਹੀ ਮੈਚ ‘ਤੇ ਆਪਣਾ ਦਬਦਬਾ ਬਣਾਇਆ ਰੱਖਿਆ। ਅਭਿਸ਼ੇਕ ਨੇ ਤੀਜੇ ਮਿੰਟ ਵਿੱਚ ਫੀਲਡ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਜੁਗਰਾਜ ਸਿੰਘ ਨੇ 22ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਰਾਹੀਂ ਗੋਲ ਕੀਤਾ।
ਦੂਜੇ ਹਾਫ ਵਿੱਚ ਵੀ ਭਾਰਤੀ ਖਿਡਾਰੀਆਂ ਦਾ ਹਮਲਾਵਰ ਰੁਖ ਜਾਰੀ ਰਿਹਾ। ਸੁਖਜੀਤ ਸਿੰਘ ਨੇ 32ਵੇਂ ਮਿੰਟ ਵਿੱਚ ਗੋਲ ਕੀਤਾ, ਜਦਕਿ ਸ਼ਿਲਾਨੰਦ ਲਾਕੜਾ ਨੇ 44ਵੇਂ ਅਤੇ 45ਵੇਂ ਮਿੰਟ ਵਿੱਚ ਲਗਾਤਾਰ ਦੋ ਗੋਲ ਕੀਤੇ।
ਮੈਚ ਦੇ ਆਖਰੀ ਪੜਾਅ ਵਿੱਚ ਭਾਰਤ ਨੇ ਹੋਰ ਦੋ ਗੋਲ ਕਰਕੇ ਸਕੋਰ 10-0 ਕਰ ਦਿੱਤਾ। ਸੰਜੇ ਨੇ 59ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕੀਤਾ ਅਤੇ ਮਨਦੀਪ ਸਿੰਘ ਨੇ ਆਖਰੀ ਮਿੰਟ ਵਿੱਚ ਫੀਲਡ ਗੋਲ ਕਰਕੇ ਬੰਗਲਾਦੇਸ਼ ਦੀ ਹਾਰ ਪੱਕੀ ਕਰ ਦਿੱਤੀ।
ਭਾਰੀ ਮੀਂਹ ਕਾਰਨ ਮੈਦਾਨ ਗਿੱਲਾ ਹੋ ਗਿਆ ਸੀ ਅਤੇ ਖਿਡਾਰੀਆਂ ਨੂੰ ਖੇਡਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡੀ ਜਿੱਤ ਹਾਸਲ ਕੀਤੀ।
ਹੁਣ ਭਾਰਤ ਦਾ ਸੈਮੀਫਾਈਨਲ ਵਿੱਚ 1 ਅਕਤੂਬਰ ਨੂੰ ਪਾਕਿਸਤਾਨ ਨਾਲ ਮੁਕਾਬਲਾ ਹੋਵੇਗਾ। ਦੂਜੇ ਸੈਮੀਫਾਈਨਲ ਵਿੱਚ ਮਲੇਸ਼ੀਆ ਅਤੇ ਦੱਖਣੀ ਕੋਰੀਆ ਆਹਮੋ-ਸਾਹਮਣੇ ਹੋਣਗੇ।
ਭਾਰਤ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਇੰਡੋਨੇਸ਼ੀਆ ਨੂੰ 13-1, ਦੱਖਣੀ ਕੋਰੀਆ ਨੂੰ 8-2, ਸਿੰਗਾਪੁਰ ਨੂੰ 7-0 ਅਤੇ ਜਾਪਾਨ ਨੂੰ 2-0 ਨਾਲ ਹਰਾਇਆ ਸੀ।
