ਮਿਆਂਮਾਰ ‘ਚ ਬਾਜ਼ਾਰ ਨੇੜੇ ਫੌਜ ਦਾ ਹਵਾਈ ਹਮਲਾ, 49 ਲੋਕਾਂ ਦੀ ਮੌਤ; 58 ਜ਼ਖ਼ਮੀ
Airstrike near market in Myanmar; ਮਿਆਂਮਾਰ ਦੀ ਫੌਜ ਵੱਲੋਂ ਵਿਦਰੋਹੀ ਗੁੱਟ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਕੀਤੇ ਗਏ ਹਵਾਈ ਹਮਲੇ ਵਿੱਚ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 58 ਲੋਕ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿੱਚ ਬਾਜ਼ਾਰ ਵਿੱਚ ਸਮਾਨ ਵੇਚਣ ਵਾਲੇ, ਖਰੀਦਦਾਰ ਅਤੇ ਸੜਕ ’ਤੇ ਮੌਜੂਦ ਆਮ ਲੋਕ ਸ਼ਾਮਲ ਦੱਸੇ ਜਾ ਰਹੇ ਹਨ।
ਇਹ ਹਮਲਾ ਮਿਆਂਮਾਰ ਦੇ ਪੱਛਮੀ ਰਖਾਇਨ ਸੂਬੇ ਦੇ ਕਿਆਉਕਤਾਵ ਟਾਊਨਸ਼ਿਪ ਵਿੱਚ ਇੱਕ ਸਥਾਨਕ ਬਾਜ਼ਾਰ ਨੇੜੇ ਕੀਤਾ ਗਿਆ। ਇਹ ਇਲਾਕਾ ਤਾਕਤਵਰ ਹਥਿਆਰਬੰਦ ਗੁੱਟ ਅਰਾਕਾਨ ਆਰਮੀ ਦੇ ਕੰਟਰੋਲ ਹੇਠ ਹੈ।
ਅਰਾਕਾਨ ਆਰਮੀ ਨੇ ਲਗਾਏ ਹਮਲੇ ਦੇ ਦੋਸ਼
ਅਰਾਕਾਨ ਆਰਮੀ ਵੱਲੋਂ ਜਾਰੀ ਬਿਆਨ ਮੁਤਾਬਕ, ਇੱਕ ਲੜਾਕੂ ਜਹਾਜ਼ ਨੇ ਦੁਪਹਿਰ ਸਮੇਂ ਬਾਜ਼ਾਰ ਨੇੜੇ ਦੋ ਬੰਬ ਸੁੱਟੇ। ਇਸ ਹਮਲੇ ਵਿੱਚ ਕਈ ਆਮ ਨਾਗਰਿਕ ਮਾਰੇ ਗਏ। ਗੁੱਟ ਨੇ ਦਾਅਵਾ ਕੀਤਾ ਕਿ 58 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 22 ਦੀ ਹਾਲਤ ਗੰਭੀਰ ਹੈ।
ਹਾਲਾਂਕਿ ਹਮਲੇ ਦੀ ਜਾਣਕਾਰੀ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਅਰਾਕਾਨ ਆਰਮੀ ਨੇ ਦਿੱਤੀ ਜਵਾਬੀ ਕਾਰਵਾਈ ਦੀ ਚਿਤਾਵਨੀ
ਅਰਾਕਾਨ ਆਰਮੀ ਨੇ ਕਿਹਾ ਹੈ ਕਿ ਇਸ ਹਵਾਈ ਹਮਲੇ ਲਈ ਜ਼ਿੰਮੇਵਾਰ ਲੋਕਾਂ ਅਤੇ ਸੰਗਠਨਾਂ ਖ਼ਿਲਾਫ਼ ਜਲਦ ਪ੍ਰਭਾਵਸ਼ਾਲੀ ਜਵਾਬੀ ਕਾਰਵਾਈ ਕੀਤੀ ਜਾਵੇਗੀ।
ਪੂਰੇ ਰਖਾਇਨ ਸੂਬੇ ਤੋਂ ਆਉਂਦੇ ਸਨ ਵਪਾਰੀ
ਬਚਾਅ ਕਾਰਜ ਨਾਲ ਜੁੜੇ ਅਧਿਕਾਰੀ ਵਾਈ ਹੁਨ ਆਂਗ ਮੁਤਾਬਕ, ਇਹ ਬਾਜ਼ਾਰ ਰਖਾਇਨ ਸੂਬੇ ਦਾ ਇੱਕ ਵੱਡਾ ਥੋਕ ਕੇਂਦਰ ਸੀ, ਜਿੱਥੇ ਪੂਰੇ ਸੂਬੇ ਤੋਂ ਵਪਾਰੀ ਅਤੇ ਖਰੀਦਦਾਰ ਪਹੁੰਚਦੇ ਸਨ। ਉਨ੍ਹਾਂ ਕਿਹਾ ਕਿ ਇਹ ਰਖਾਇਨ ਵਿੱਚ ਹੋਏ ਸਭ ਤੋਂ ਭਿਆਨਕ ਹਵਾਈ ਹਮਲਿਆਂ ਵਿੱਚੋਂ ਇੱਕ ਹੈ।
2021 ਤੋਂ ਜਾਰੀ ਹੈ ਮਿਆਂਮਾਰ ਵਿੱਚ ਸੰਘਰਸ਼
ਮਿਆਂਮਾਰ ਵਿੱਚ 1 ਫਰਵਰੀ 2021 ਨੂੰ ਫੌਜ ਵੱਲੋਂ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਹਟਾਉਣ ਤੋਂ ਬਾਅਦ ਸਿਆਸੀ ਸੰਕਟ ਅਤੇ ਹਿੰਸਾ ਜਾਰੀ ਹੈ। ਫੌਜੀ ਸ਼ਾਸਨ ਖ਼ਿਲਾਫ਼ ਵਿਰੋਧ ਦੇ ਬਾਅਦ ਕਈ ਵਿਦਰੋਹੀ ਅਤੇ ਜਾਤੀਅਤਕ ਹਥਿਆਰਬੰਦ ਗੁੱਟ ਸਰਗਰਮ ਹੋਏ, ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਟਕਰਾਅ ਚੱਲ ਰਿਹਾ ਹੈ।
