LPU ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਨੈਸ਼ਨਲ ਹਾਈਵੇਅ ਜਾਮ ਕਰਨ ’ਤੇ FIR ਕੀਤੀ ਦਰਜ
Police action in LPU case: ਫਗਵਾੜਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਚਹੇੜੂ ਮਾਮਲੇ ਵਿੱਚ ਪੁਲਿਸ ਨੇ ਨੈਸ਼ਨਲ ਹਾਈਵੇਅ ਜਾਮ ਕਰਨ ਦੇ ਦੋਸ਼ ਹੇਠ FIR ਦਰਜ ਕੀਤੀ ਹੈ। ਪੁਲਿਸ ਰਿਕਾਰਡ ਮੁਤਾਬਕ ਥਾਣਾ ਸਦਰ ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਿੱਚ 28 ਸਤੰਬਰ 2026 ਨੂੰ FIR ਨੰਬਰ 105 ਦਰਜ ਕੀਤੀ ਗਈ। FIR ਮੁਤਾਬਕ 27 ਅਤੇ 28 ਸਤੰਬਰ ਦੀ ਦਰਮਿਆਨੀ ਰਾਤ ਕਰੀਬ 2 ਵਜੇ ਤੋਂ ਸਵੇਰੇ 5:18 ਵਜੇ ਤੱਕ LPU ਚਹੇੜੂ ਨੇੜੇ ਨੈਸ਼ਨਲ ਹਾਈਵੇਅ ਨੂੰ ਦੋਵੇਂ ਪਾਸਿਆਂ ਤੋਂ ਬੰਦ ਕੀਤੇ ਜਾਣ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਮਿਲੀ। ਇਸ ਤੋਂ ਬਾਅਦ ASI ਰੋਹਿਤਦੀਪ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ।
ਪੁਲਿਸ ਨੇ FIR ਵਿੱਚ ਦਰਜ ਕੀਤਾ ਹੈ ਕਿ ਮੌਕੇ ’ਤੇ ਵਿਦਿਆਰਥੀਆਂ ਸਮੇਤ ਕੁਝ ਅਣਪਛਾਤੇ ਗੈਰ-ਵਿਦਿਆਰਥੀ ਵਿਅਕਤੀਆਂ ਦੀ ਭੀੜ ਮੌਜੂਦ ਸੀ। ਹਾਈਵੇਅ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮਾਮਲੇ ਵਿੱਚ ਪੁਲਿਸ ਨੇ BNS ਦੀ ਧਾਰਾ 285 ਅਤੇ National Highway Act ਦੀ ਧਾਰਾ 8B ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ FIR ਵਿੱਚ ਕਿਸੇ ਵਿਅਕਤੀ ਦਾ ਨਾਮ ਦਰਜ ਨਹੀਂ ਕੀਤਾ ਗਿਆ।
ਪੁਲਿਸ ਮੁਤਾਬਕ ਮੌਕੇ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਵੀਡੀਓ ਫੁਟੇਜ ਦੇ ਆਧਾਰ ’ਤੇ ਹਾਈਵੇਅ ਜਾਮ ਕਰਨ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਜਾਰੀ ਹੈ।
