ਹਨੀ ਸਿੰਘ ਨੂੰ ਮਹਾਰਾਸ਼ਟਰ ਸਾਈਬਰ ਦਾ ਫਾਈਨਲ ਰਿਮਾਈਂਡਰ, ਪੁੱਛਗਿੱਛ ਲਈ ਬੁਲਾਇਆ
Maharashtra Cyber issues final reminder to Honey Singh: ਮੁੰਬਈ: ਰੈਪਰ ਅਤੇ ਮਿਊਜ਼ਿਕ ਪ੍ਰੋਡਿਊਸਰ ਹਿਰਦੇਸ਼ ਸਿੰਘ ਉਰਫ਼ ਯੋ ਯੋ ਹਨੀ ਸਿੰਘ ਨੂੰ ਮਹਾਰਾਸ਼ਟਰ ਸਾਈਬਰ ਨੇ ਇੱਕ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ 5 ਅਕਤੂਬਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਵਿਭਾਗ ਵੱਲੋਂ 14 ਸਤੰਬਰ ਨੂੰ ਜਾਰੀ ਨੋਟਿਸ ਨੂੰ ‘ਫਾਈਨਲ ਰਿਮਾਈਂਡਰ’ ਦੱਸਿਆ ਗਿਆ ਹੈ।
ਨੋਟਿਸ ਮੁਤਾਬਕ ਹਨੀ ਸਿੰਘ ਨੂੰ 5 ਅਕਤੂਬਰ ਸਵੇਰੇ 11 ਵਜੇ ਮੁੰਬਈ ਦੇ ਕਫ਼ ਪਰੇਡ ਸਥਿਤ ਵਰਲਡ ਟਰੇਡ ਸੈਂਟਰ ਵਿੱਚ ਮਹਾਰਾਸ਼ਟਰ ਸਾਈਬਰ ਦੇ ਦਫ਼ਤਰ ਵਿਖੇ ਜਾਂਚ ਅਧਿਕਾਰੀ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਨੋਟਿਸ ਮੁੰਬਈ ਦੇ ਨੋਡਲ ਸਾਈਬਰ ਪੁਲਿਸ ਸਟੇਸ਼ਨ ਵਿੱਚ ਦਰਜ FIR ਨੰਬਰ 74/2026 ਨਾਲ ਸਬੰਧਤ ਹੈ।
ਮਹਾਰਾਸ਼ਟਰ ਸਾਈਬਰ ਦੇ ਨੋਟਿਸ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 296 ਅਤੇ 79 ਅਤੇ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 67 ਦਾ ਹਵਾਲਾ ਦਿੱਤਾ ਗਿਆ ਹੈ। ਹਨੀ ਸਿੰਘ ਨੂੰ ਜਾਂਚ ਵਿੱਚ ਸਹਿਯੋਗ ਕਰਨ ਅਤੇ ਜਾਂਚ ਅਧਿਕਾਰੀ ਵੱਲੋਂ ਕਾਨੂੰਨ ਤਹਿਤ ਮੰਗੀ ਜਾਣ ਵਾਲੀ ਜਾਣਕਾਰੀ, ਦਸਤਾਵੇਜ਼, ਰਿਕਾਰਡ ਜਾਂ ਹੋਰ ਸਮੱਗਰੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।
ਪਹਿਲਾਂ ਵੀ ਜਾਰੀ ਹੋ ਚੁੱਕਾ ਹੈ ਨੋਟਿਸ
ਮਹਾਰਾਸ਼ਟਰ ਸਾਈਬਰ ਮੁਤਾਬਕ ਇਸ ਤੋਂ ਪਹਿਲਾਂ 1 ਸਤੰਬਰ 2026 ਨੂੰ ਵੀ ਹਨੀ ਸਿੰਘ ਨੂੰ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ ਸੀ। ਵਿਭਾਗ ਦਾ ਦਾਅਵਾ ਹੈ ਕਿ ਉਹ ਨਿਰਧਾਰਤ ਤਾਰੀਖ ਅਤੇ ਸਮੇਂ ’ਤੇ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ 14 ਸਤੰਬਰ ਨੂੰ ਨਵਾਂ ਨੋਟਿਸ ਜਾਰੀ ਕਰਕੇ ਇਸ ਨੂੰ ਫਾਈਨਲ ਰਿਮਾਈਂਡਰ ਦੱਸਿਆ ਗਿਆ।
ਨੋਟਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਹਨੀ ਸਿੰਘ ਵੱਲੋਂ ਕਾਨੂੰਨੀ ਤੌਰ ’ਤੇ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਜਾਂ ਜਾਂਚ ਵਿੱਚ ਜਾਣਬੁੱਝ ਕੇ ਸਹਿਯੋਗ ਨਹੀਂ ਕੀਤਾ ਜਾਂਦਾ ਤਾਂ ਲਾਗੂ ਕਾਨੂੰਨ ਤਹਿਤ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। फिलਹਾਲ ਮਾਮਲੇ ਦੀ ਜਾਂਚ ਮਹਾਰਾਸ਼ਟਰ ਸਾਈਬਰ ਵੱਲੋਂ ਕੀਤੀ ਜਾ ਰਹੀ ਹੈ।
