CM ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਮਨਜ਼ੂਰੀ ਨਹੀਂ, ਕੇਂਦਰ ਨੇ ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ
CM Bhagwant Mann denied permission to visit Japan: ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਏਸ਼ੀਅਨ ਗੇਮਜ਼ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦਾ ਸੈਮੀਫਾਈਨਲ ਮੈਚ ਦੇਖਣ ਲਈ ਜਾਪਾਨ ਜਾਣ ਵਾਸਤੇ ਕੇਂਦਰ ਤੋਂ ਰਾਜਨੀਤਿਕ ਮਨਜ਼ੂਰੀ ਨਹੀਂ ਮਿਲੀ। ਰਿਪੋਰਟਾਂ ਮੁਤਾਬਕ ਕੇਂਦਰ ਨੇ ਵੱਡੇ ਕੌਮਾਂਤਰੀ ਖੇਡ ਸਮਾਗਮ ਦੌਰਾਨ ਮੁੱਖ ਮੰਤਰੀ ਦੀ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਦਾ ਹਵਾਲਾ ਦਿੱਤਾ ਹੈ।
ਮਾਨ ਨੂੰ ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ ਆਈਚੀ-ਨਾਗੋਯਾ ਏਸ਼ੀਅਨ ਗੇਮਜ਼ ਵਿੱਚ ਹਾਕੀ ਮੁਕਾਬਲਿਆਂ ਦੇ ਆਖਰੀ ਪੜਾਅ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ। ਸੱਦਾ 30 ਸਤੰਬਰ ਅਤੇ 1 ਅਕਤੂਬਰ ਦੇ ਸੈਮੀਫਾਈਨਲਾਂ ਤੋਂ ਇਲਾਵਾ 2 ਅਤੇ 3 ਅਕਤੂਬਰ ਦੇ ਫਾਈਨਲ ਮੁਕਾਬਲਿਆਂ ਲਈ ਸੀ।
ਇਸ ਦੌਰੇ ਨੂੰ ਪੰਜਾਬ ਵਿੱਚ ਹੋਣ ਵਾਲੀ ਮੈਨਜ਼ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਤਿਆਰੀਆਂ ਨਾਲ ਵੀ ਜੋੜਿਆ ਗਿਆ ਸੀ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿੱਚ ਹੋਣਾ ਹੈ। ਏਸ਼ੀਅਨ ਹਾਕੀ ਫੈਡਰੇਸ਼ਨ ਮੁਤਾਬਕ ਪੰਜਾਬ ਦਾ ਵਫ਼ਦ ਜਾਪਾਨ ਵਿੱਚ ਵੱਡੇ ਕੌਮਾਂਤਰੀ ਹਾਕੀ ਟੂਰਨਾਮੈਂਟ ਦੇ ਪ੍ਰਬੰਧਾਂ ਦਾ ਤਜਰਬਾ ਹਾਸਲ ਕਰ ਸਕਦਾ ਸੀ। ਇਸ ਦੌਰੇ ਦੌਰਾਨ ਭਾਰਤੀ ਹਾਕੀ ਟੀਮ ਨੂੰ ਵੀ ਖਾਸ ਤੌਰ ’ਤੇ ਪੰਜਾਬ ਨਾਲ ਜੋੜਿਆ ਜਾ ਰਿਹਾ ਸੀ, ਕਿਉਂਕਿ 20 ਮੈਂਬਰੀ ਪੁਰਸ਼ ਹਾਕੀ ਟੀਮ ਵਿੱਚੋਂ 8 ਖਿਡਾਰੀ ਪੰਜਾਬ ਨਾਲ ਸਬੰਧਤ ਹਨ।
ਪਹਿਲਾਂ ਵੀ ਦੋ ਵਿਦੇਸ਼ੀ ਦੌਰਿਆਂ ਨੂੰ ਨਹੀਂ ਮਿਲੀ ਸੀ ਮਨਜ਼ੂਰੀ
ਭਗਵੰਤ ਮਾਨ ਦੇ ਵਿਦੇਸ਼ ਦੌਰਿਆਂ ਲਈ ਕੇਂਦਰੀ ਮਨਜ਼ੂਰੀ ਦਾ ਮੁੱਦਾ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। ਅਗਸਤ 2024 ਵਿੱਚ ਉਨ੍ਹਾਂ ਨੂੰ ਪੈਰਿਸ ਓਲੰਪਿਕ ਦੌਰਾਨ ਭਾਰਤੀ ਹਾਕੀ ਟੀਮ ਦਾ ਮੈਚ ਦੇਖਣ ਲਈ ਫਰਾਂਸ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਸੀ। ਜਨਵਰੀ 2026 ਵਿੱਚ ਨਿਵੇਸ਼ ਨਾਲ ਸਬੰਧਤ ਪ੍ਰੋਗਰਾਮ ਲਈ ਪ੍ਰਸਤਾਵਿਤ ਬ੍ਰਿਟੇਨ ਅਤੇ ਇਜ਼ਰਾਈਲ ਦੌਰੇ ਨੂੰ ਵੀ ਮਨਜ਼ੂਰੀ ਨਹੀਂ ਮਿਲੀ ਸੀ ਅਤੇ ਬਾਅਦ ਵਿੱਚ ਇਹ ਦੌਰਾ ਰੱਦ ਹੋ ਗਿਆ ਸੀ। ਹਾਲਾਂਕਿ, ਮਾਨ ਦਸੰਬਰ 2025 ਵਿੱਚ ਸਰਕਾਰੀ ਵਫ਼ਦ ਨਾਲ ਜਾਪਾਨ ਅਤੇ ਇਸ ਤੋਂ ਬਾਅਦ ਦੱਖਣੀ ਕੋਰੀਆ ਦੇ ਦੌਰੇ ’ਤੇ ਜਾ ਚੁੱਕੇ ਹਨ।
