ਪੰਜਾਬ ਪੁਲਿਸ ਨੇ ਵੱਡੀ ਸਾਜ਼ਿਸ਼ ਕੀਤੀ ਨਕਾਮ, ਕਰੋੜਾਂ ਦੀ ਹੈਰੋਇਨ, 5 ਪਿਸਤੌਲਾਂ ਸਮੇਤ 4 ਮੁਲਜ਼ਮ ਕਾਬੂ
Amritsar Police Action; ਅੰਮ੍ਰਿਤਸਰ ਦੇਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਅਤੇ ਨਸ਼ਾ ਤਸਕਰੀ ਦੇ ਇੱਕ ਵੱਡੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 10 ਕਿਲੋ ਹੈਰੋਇਨ ਅਤੇ 10 ਵਿਦੇਸ਼ੀ ਪਿਸਤੌਲ ਬਰਾਮਦ ਕੀਤੀਆਂ ਗਈਆਂ ਹਨ। ਬਰਾਮਦ ਹਥਿਆਰਾਂ ਵਿੱਚ 5 ਗਲੌਕ ਅਤੇ 5 PX-5 ਪਿਸਤੌਲ ਸ਼ਾਮਲ ਹਨ।
ਬਾਰਡਰ ਰੇਂਜ ਦੇ IGP ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਗਿਰੋਹ ਮਿਡਲ ਈਸਟ ਅਤੇ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ। ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਭਾਰਤੀ ਸਰਹੱਦ ਵਿੱਚ ਸੁੱਟੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਮੁਲਜ਼ਮ ਅੱਗੇ ਅਪਰਾਧੀਆਂ ਅਤੇ ਤਸਕਰਾਂ ਤੱਕ ਪਹੁੰਚਾਉਂਦੇ ਸਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪੂਰਾ ਨੈੱਟਵਰਕ ਦੋ ਵੱਖ-ਵੱਖ ਕੜੀਆਂ ਵਿੱਚ ਕੰਮ ਕਰ ਰਿਹਾ ਸੀ। ਹਥਿਆਰਾਂ ਦੀ ਤਸਕਰੀ ਵਾਲੇ ਹਿੱਸੇ ਨੂੰ ਰਾਜਨਪ੍ਰੀਤ ਅਤੇ ਵਿਜੈ ਸੰਭਾਲ ਰਹੇ ਸਨ। ਵਿਜੈ ਪਹਿਲਾਂ ਵੀ ਹੈਰੋਇਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ ਅਤੇ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਮੁੜ ਇਸ ਗੈਰ-ਕਾਨੂੰਨੀ ਧੰਦੇ ਵਿੱਚ ਸਰਗਰਮ ਹੋ ਗਿਆ ਸੀ।
ਦੂਜੇ ਪਾਸੇ, ਗੈਂਗਸਟਰ ਕਿਸ਼ਨ ਜੰਡਿਆਲਾ ਦੇ ਕਥਿਤ ਮੁੱਖ ਹੈਂਡਲਰ ਪਾਰਸਦੀਪ ਉਰਫ਼ ਬਿੱਲਾ ਨੂੰ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਮੁਤਾਬਕ ਪਾਰਸਦੀਪ ਭੇਸ ਬਦਲ ਕੇ ਅਤੇ ਵੱਖ-ਵੱਖ ਵਾਹਨਾਂ ਦੀ ਵਰਤੋਂ ਕਰਕੇ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀਆਂ ਖੇਪਾਂ ਚੁੱਕਦਾ ਸੀ।
ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ’ਤੇ ਮੰਨਿਆ ਕਿ ਉਹ ਤਰਨਤਾਰਨ, ਸਰਾਏ ਅਮਾਨਤ ਖਾਂ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਪਹਿਲਾਂ ਵੀ 10 ਤੋਂ 12 ਖੇਪਾਂ ਚੁੱਕ ਚੁੱਕਾ ਹੈ। ਪੁਲਿਸ ਮੁਤਾਬਕ ਅਟਾਰੀ ਦਾ ਸਾਬਕਾ ਪੰਚਾਇਤ ਮੈਂਬਰ ਗੁਰਮੁਖ ਸਿੰਘ ਬੋਦੀ ਵੀ ਇਸ ਕੰਮ ਵਿੱਚ ਉਸਦਾ ਸਾਥ ਦੇ ਰਿਹਾ ਸੀ। ਫਿਲਹਾਲ ਉਹ ਦਿਹਾੜੀਦਾਰ ਵਜੋਂ ਕੰਮ ਕਰ ਰਿਹਾ ਸੀ।
ਪੁਲਿਸ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਮੁਲਜ਼ਮਾਂ ਦੀ ਉਮਰ 22 ਤੋਂ 23 ਸਾਲ ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਕੁਝ ਰਾਜ ਮਿਸਤਰੀ ਅਤੇ ਪਲੰਬਰ ਦਾ ਕੰਮ ਕਰਦੇ ਸਨ। ਵਿਦੇਸ਼ਾਂ ਵਿੱਚ ਬੈਠੇ ਹੈਂਡਲਰ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਜਲਦੀ ਅਮੀਰ ਬਣਨ ਦਾ ਲਾਲਚ ਦੇ ਕੇ ਇਸ ਅਪਰਾਧਿਕ ਨੈੱਟਵਰਕ ਵਿੱਚ ਸ਼ਾਮਲ ਕਰਦੇ ਸਨ।
IGP ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਘਾਤਕ ਹਥਿਆਰਾਂ ਦੀ ਸਮੇਂ ਸਿਰ ਬਰਾਮਦਗੀ ਨਾਲ ਇੱਕ ਵੱਡੀ ਅਪਰਾਧਿਕ ਵਾਰਦਾਤ ਅਤੇ ਸੰਭਾਵਿਤ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਪੁਲਿਸ ਹੁਣ ਮੁਲਜ਼ਮਾਂ ਦੇ ਬੈਂਕ ਖਾਤਿਆਂ ਅਤੇ ਵਿੱਤੀ ਲੈਣ-ਦੇਣ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਸੰਪਰਕਾਂ, ਜਾਇਦਾਦਾਂ ਅਤੇ ਫੰਡਿੰਗ ਦੇ ਸਰੋਤਾਂ ਦਾ ਪਤਾ ਲਗਾਇਆ ਜਾ ਸਕੇ।
