ਤੇਜ਼ ਰਫ਼ਤਾਰ ਕਾਰ ਦਾ ਕਹਿਰ, ਕਾਰ ਨੇ ਦੋ ਆਟੋ ਨੂੰ ਮਾਰੀ ਟੱਕਰ, ਬੱਚੀ ਸਮੇਤ 14 ਲੋਕ ਜ਼ਖਮੀ
Amritsar Accident; ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਅੱਜ ਕਰੀਬ 8 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ਵਿੱਚ ਦੋ ਆਟੋ ਵਿੱਚ ਸਵਾਰ ਕਰੀਬ 13 ਤੋਂ 14 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ 3 ਸਾਲ ਦੀ ਬੱਚੀ ਵੀ ਸ਼ਾਮਲ ਹੈ, ਜਿਸ ਦੇ ਸਿਰ ’ਤੇ ਸੱਟ ਲੱਗੀ ਹੈ। ਸਾਰੇ ਜ਼ਖਮੀਆਂ ਦਾ ਨੇੜਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਹਾਦਸਾ BRTS ਲਾਈਨ ਦੇ ਵਿਚਕਾਰ ਬਣੇ ਡਿਵਾਈਡਰ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਦੀ ਦੋ ਆਟੋ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਆਟੋ ਵਿੱਚ ਸਵਾਰ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਜ਼ਖਮੀ ਆਟੋ ਚਾਲਕ ਨੇ ਦੱਸਿਆ ਕਿ ਆਟੋ ਵਿੱਚ ਸਵਾਰ ਲੋਕ ਵਾਘਾ ਬਾਰਡਰ ਤੋਂ ਘੁੰਮ ਕੇ ਆਪਣੇ ਘਰ ਵਾਪਸ ਜਾ ਰਹੇ ਸਨ। ਸਾਰੇ ਲੋਕ ਵਾਘਾ ਬਾਰਡਰ ’ਤੇ ਪਰੇਡ ਦੇਖਣ ਤੋਂ ਬਾਅਦ ਆਟੋ ਰਾਹੀਂ ਵਾਪਸ ਆ ਰਹੇ ਸਨ। ਇਸੇ ਦੌਰਾਨ ਰਸਤੇ ਵਿੱਚ ਤੇਜ਼ ਰਫ਼ਤਾਰ ਕਾਰ ਨੇ ਦੋਵੇਂ ਆਟੋ ਨੂੰ ਟੱਕਰ ਮਾਰ ਦਿੱਤੀ।
ਕਾਰ ਚਾਲਕ ਦੇ ਨਸ਼ੇ ਵਿੱਚ ਹੋਣ ਦਾ ਦੋਸ਼
ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ ਹੈ। ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਕਾਰ ਚਾਲਕ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
BRTS ਡਿਵਾਈਡਰ ਨੂੰ ਲੈ ਕੇ ਲੋਕਾਂ ਨੇ ਚੁੱਕੇ ਸਵਾਲ
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ BRTS ਲਾਈਨ ਅਤੇ ਇਸ ਦੇ ਵਿਚਕਾਰ ਬਣੇ ਡਿਵਾਈਡਰ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ BRTS ਪ੍ਰਾਜੈਕਟ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਟੈਂਡਰ ਲਗਾਇਆ ਗਿਆ ਹੈ ਤਾਂ ਇਸ ਨੂੰ ਹਟਾਉਣ ਦਾ ਕੰਮ ਜਲਦ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਸ ਡਿਵਾਈਡਰ ਕਾਰਨ ਪਹਿਲਾਂ ਵੀ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
