LPU ਹਿੰਸਾ ਮਾਮਲੇ ’ਚ ਹੁਣ ਤੱਕ 9 ਗ੍ਰਿਫ਼ਤਾਰ, 20 ਮੁਲਜ਼ਮਾਂ ਦੀ ਹੋਈ ਪਛਾਣ
- ਮਿਗ-23 ਜਹਾਜ਼ ’ਤੇ ਚੜ੍ਹਨ ਵਾਲਾ ਨਾਬਾਲਗ ਵੀ ਕਾਬੂ
9 arrested so far in LPU violence case: ਫਗਵਾੜਾ: ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ’ਚ ਪੁਲਿਸ ਨੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ 7 ਵਿਦਿਆਰਥੀ ਅਤੇ 2 ਬਾਹਰੀ ਵਿਅਕਤੀ ਸ਼ਾਮਲ ਹਨ। ਜਾਂਚ ਦੌਰਾਨ ਕੁੱਲ 20 ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
DIG ਨਵੀਨ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ LPU ਵਿੱਚ ਹੰਗਾਮਾ ਕਰਨ ਦੇ ਦੋਸ਼ ਹੇਠ ਫਗਵਾੜਾ ਤੋਂ 2, ਜਦਕਿ ਜੰਮੂ ਅਤੇ ਮੁੰਬਈ ਤੋਂ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਦੌਰਾਨ ਹਿੰਸਾ ਦੌਰਾਨ ਯੂਨੀਵਰਸਿਟੀ ਕੈਂਪਸ ਦੇ ਬਾਹਰ ਸਥਾਪਤ ਮਿਗ-23UM ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਵਿਅਕਤੀ ਦੀ ਵੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ CCTV ਫੁਟੇਜ ਦੀ ਜਾਂਚ ਕਰਕੇ ਉਸ ਦੀ ਪਛਾਣ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਮੁਤਾਬਕ ਇਹ ਮੁਲਜ਼ਮ ਨਾਬਾਲਗ ਹੈ ਅਤੇ LPU ਦਾ ਹੀ ਵਿਦਿਆਰਥੀ ਹੈ। ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਕਾਬੂ ਕੀਤਾ ਗਿਆ ਹੈ। ਉਹ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਮੰਡੀ ਦੇ ਡੀਸੀ ਦਫ਼ਤਰ ਵਿੱਚ ਅਧਿਕਾਰੀ ਵਜੋਂ ਤਾਇਨਾਤ ਹਨ।
