ਵਿਧਾਇਕ ਸੁਖਵੀਰ ਮਾਇਸਰਖਾਨਾ ਖ਼ਿਲਾਫ਼ AAP ਦਾ ਐਕਸ਼ਨ, ਪਾਰਟੀ ‘ਚੋਂ ਕੀਤਾ ਬਾਹਰ
MLA Sukhvir Maiserkhana; expelled from the party; ਪੰਜਾਬ ਦੇ ਬਠਿੰਡਾ ਦੀ ਮੌੜ ਮੰਡੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। AAP ਨੇ ਉਨ੍ਹਾਂ ਖ਼ਿਲਾਫ਼ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨਹੀਣਤਾ ਦੇ ਦੋਸ਼ ਲਗਾਏ ਹਨ।
ਮੁਅੱਤਲੀ ਤੋਂ ਪਹਿਲਾਂ ਮਾਇਸਰਖਾਨਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਪਣੀ ਹੀ ਸਰਕਾਰ ਦੇ ਕੰਮਕਾਜ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਅਤੇ ਸਕੂਲਾਂ ਦੇ ਅਪਗ੍ਰੇਡੇਸ਼ਨ ਨਾ ਹੋਣ ਦਾ ਮੁੱਦਾ ਚੁੱਕਿਆ ਸੀ।
ਲਾਈਵ ਦੌਰਾਨ ਮਾਇਸਰਖਾਨਾ ਭਾਵੁਕ ਹੋ ਗਏ ਅਤੇ ਕਿਹਾ ਕਿ ਉਨ੍ਹਾਂ ਦੇ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਬੱਚਿਆਂ ਤੋਂ ਪੁੱਛਦੇ ਹਨ ਕਿ ਅੱਜ ਕੀ ਪੜ੍ਹ ਕੇ ਆਏ ਹੋ ਤਾਂ ਉਹ ਕਹਿੰਦੇ ਹਨ ਕਿ ਅੱਜ ਸਕੂਲ ਵਿੱਚ ਟੀਚਰ ਹੀ ਨਹੀਂ ਸੀ।
ਉਨ੍ਹਾਂ ਕਿਹਾ, “ਮੈਂ ਪਿੱਟ-ਪਿੱਟ ਮਰ ਗਿਆ, ਸਕੂਲਾਂ ਦੇ ਹਾਲਾਤ ਨਹੀਂ ਸੁਧਰੇ। ਉਹ ਜਿਵੇਂ ਸਨ, ਉਵੇਂ ਹੀ ਹਨ।” ਮਾਇਸਰਖਾਨਾ ਨੇ ਇਹ ਵੀ ਕਿਹਾ ਕਿ ਜਦੋਂ ਉਹ ਆਪਣੀਆਂ ਸ਼ਿਕਾਇਤਾਂ ਲੈ ਕੇ ਮੁੱਖ ਮੰਤਰੀ ਕੋਲ ਜਾਂਦੇ ਹਨ ਤਾਂ ਉਨ੍ਹਾਂ ਕੋਲ ਸਮਾਂ ਨਹੀਂ ਹੁੰਦਾ।
ਵਿਧਾਇਕ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਮੁਤਾਬਕ ਲੋਕ ਅਤੇ ਸਕੂਲ ਮੈਨੇਜਮੈਂਟ ਲਗਾਤਾਰ ਖਾਲੀ ਅਸਾਮੀਆਂ ਭਰਨ ਦੀ ਮੰਗ ਕਰਦੇ ਰਹੇ ਹਨ, ਪਰ ਸਮੱਸਿਆ ਦਾ ਹੱਲ ਨਹੀਂ ਹੋਇਆ।
ਮਾਇਸਰਖਾਨਾ ਨੇ ਆਪਣੀ ਬਿਆਨਬਾਜ਼ੀ ਤੋਂ ਬਾਅਦ ਆਪਣੇ ਖ਼ਿਲਾਫ਼ ਪੁਲਿਸ ਕੇਸ ਦਰਜ ਹੋਣ ਦਾ ਖ਼ਦਸ਼ਾ ਵੀ ਜਤਾਇਆ। ਉਨ੍ਹਾਂ ਕਿਹਾ ਕਿ ਉਹ ਆਪਣੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟਣਗੇ ਅਤੇ ਲੋਕਾਂ ਦੇ ਮੁੱਦੇ ਉਠਾਉਂਦੇ ਰਹਿਣਗੇ।
AAP ਵੱਲੋਂ ਜਾਰੀ ਮੁਅੱਤਲੀ ਹੁਕਮ ਮੁਤਾਬਕ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।
