ਰਜਵਾਹੇ ’ਚੋਂ 6 ਸਾਲਾ ਬੱਚੇ ਦੀ ਮਿਲੀ ਲਾਸ਼, ਤਾਰ ਨਾਲ ਬੰਨ੍ਹੇ ਹੋਏ ਸੀ ਹੱਥ-ਪੈਰ
Body of 6-year-old child found in canal distributary: ਫਰੀਦਕੋਟ: ਪਿੰਡ ਟਹਿਣਾ ਨੇੜੇ ਰਜਵਾਹੇ ਵਿੱਚੋਂ ਕਰੀਬ 6 ਸਾਲਾ ਅਣਪਛਾਤੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਬੱਚੇ ਦੇ ਹੱਥ-ਪੈਰ ਬਾਰੀਕ ਲੋਹੇ ਦੀ ਤਾਰ ਨਾਲ ਬੰਨ੍ਹੇ ਹੋਏ ਮਿਲੇ। ਮੁੱਢਲੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਿੰਡ ਟਹਿਣਾ ਦੇ ਚੌਕੀਦਾਰ ਜਗਸੀਰ ਸਿੰਘ ਨੇ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਪਿੰਡ ਵਿੱਚੋਂ ਲੰਘਦੇ ਰਜਵਾਹੇ ਵਿੱਚ ਪੁਲ ਨੇੜੇ ਇੱਕ ਬੱਚੇ ਦੀ ਲਾਸ਼ ਫਸੀ ਹੋਈ ਹੈ। ਸੂਚਨਾ ਮਿਲਣ ’ਤੇ ਸਬ-ਇੰਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਸਹਾਰਾ ਸੋਸਾਇਟੀ ਦੇ ਵਰਕਰਾਂ ਦੀ ਮਦਦ ਨਾਲ ਲਾਸ਼ ਨੂੰ ਰਜਵਾਹੇ ਵਿੱਚੋਂ ਬਾਹਰ ਕੱਢਿਆ ਗਿਆ।
ਪੁਲਿਸ ਅਨੁਸਾਰ ਬੱਚੇ ਦੀ ਉਮਰ ਕਰੀਬ 6 ਸਾਲ ਹੈ। ਉਸ ਨੇ ਖਾਕੀ ਰੰਗ ਦੀ ਟੀ-ਸ਼ਰਟ, ਕਾਲੀ ਹਾਫ਼ ਪੈਂਟ ਅਤੇ ਪੈਰਾਂ ਵਿੱਚ ਸੈਂਡਲ ਪਹਿਨੇ ਹੋਏ ਸਨ। ਉਸ ਦੇ ਹੱਥ-ਪੈਰ ਬਾਰੀਕ ਲੋਹੇ ਦੀ ਤਾਰ ਨਾਲ ਬੰਨ੍ਹੇ ਹੋਏ ਸਨ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਸ਼ੱਕ ਹੈ ਕਿ ਬੱਚੇ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਪਛਾਣ ਲੁਕਾਉਣ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਰਜਵਾਹੇ ਵਿੱਚ ਸੁੱਟਿਆ ਗਿਆ ਹੋ ਸਕਦਾ ਹੈ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਬੱਚੇ ਦੀ ਪਛਾਣ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਆਸ-ਪਾਸ ਦੇ ਸਾਰੇ ਥਾਣਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਬੱਚੇ ਦਾ DNA ਸੈਂਪਲ ਵੀ ਲਿਆ ਜਾਵੇਗਾ। ਪਛਾਣ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਨੂੰ ਹੋਰ ਅੱਗੇ ਵਧਾਇਆ ਜਾਵੇਗਾ।
