ਨੇਤਨਯਾਹੂ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਨੂੰ ਇਜ਼ਰਾਈਲ ਦੇ ਆਜ਼ਾਦੀ ਦਿਵਸ ਸਮਾਗਮ ਲਈ ਦਿੱਤਾ ਸੱਦਾ
Netanyahu invited Indian pilot Captain Samit: ਨਵੀਂ ਦਿੱਲੀ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਹੌਸਲੇ ਤੇ ਸੂਝਬੂਝ ਦੀ ਸ਼ਲਾਘਾ ਕੀਤੀ। ਨੇਤਨਯਾਹੂ ਨੇ ਕੈਪਟਨ ਮੱਛਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ ਦੇ ਅਗਲੇ ਆਜ਼ਾਦੀ ਦਿਵਸ ਮੌਕੇ ਜਸ਼ਨ ਦੀ ਮਸ਼ਾਲ ਜਗਾਉਣ ਲਈ ਸੱਦਾ ਦਿੱਤਾ।
ਕੈਪਟਨ ਮੱਛਾਰ ਨੇ 30 ਸਤੰਬਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਫਲਾਈਟ FZ1073 ਵਿੱਚ ਕਾਕਪਿਟ ਅੰਦਰ ਕੋ-ਪਾਇਲਟ ਵੱਲੋਂ ਹਮਲਾ ਕੀਤੇ ਜਾਣ ਦੇ ਬਾਵਜੂਦ ਜਹਾਜ਼ ਨੂੰ ਸੰਭਾਲਿਆ ਅਤੇ ਐਮਰਜੈਂਸੀ ਲੈਂਡਿੰਗ ਕਰਵਾ ਕੇ ਜਹਾਜ਼ ਵਿੱਚ ਸਵਾਰ 180 ਲੋਕਾਂ ਦੀ ਜਾਨ ਬਚਾਈ। ਨੇਤਨਯਾਹੂ ਨੇ ਗੱਲਬਾਤ ਦੌਰਾਨ ਕੈਪਟਨ ਮੱਛਾਰ ਦੇ ਸਾਹਸ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਭਾਰਤ, ਇਜ਼ਰਾਈਲ ਅਤੇ ਪੂਰੀ ਦੁਨੀਆ ਦਾ ਹੀਰੋ ਦੱਸਿਆ। ਉਨ੍ਹਾਂ ਕੈਪਟਨ ਮੱਛਾਰ ਦੇ ਜਲਦ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਵੀ ਕੀਤੀ।
ਨਮਾਜ਼ ਦੌਰਾਨ ਕੋ-ਪਾਇਲਟ ਨੇ ਕੀਤਾ ਹਮਲਾ
ਕੈਪਟਨ ਮੱਛਾਰ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਡਾਣ ਆਮ ਤੌਰ ’ਤੇ ਚੱਲ ਰਹੀ ਸੀ ਅਤੇ ਕੋ-ਪਾਇਲਟ ਨਮਾਜ਼ ਪੜ੍ਹਨਾ ਚਾਹੁੰਦਾ ਸੀ। ਜਦੋਂ ਉਹ ਨਮਾਜ਼ ਪੜ੍ਹ ਰਿਹਾ ਸੀ ਤਾਂ ਕੈਪਟਨ ਮੱਛਾਰ ਸਾਹਮਣੇ ਵੱਲ ਦੇਖ ਰਹੇ ਸਨ। ਇਸ ਦੌਰਾਨ ਕੋ-ਪਾਇਲਟ ਨੇ ਅਚਾਨਕ ਉਨ੍ਹਾਂ ਦੇ ਸਿਰ ਦੇ ਪਿਛਲੇ ਹਿੱਸੇ ’ਤੇ ਹਮਲਾ ਕਰ ਦਿੱਤਾ।
ਉਨ੍ਹਾਂ ਮੁਤਾਬਕ ਲਗਾਤਾਰ ਹਮਲਿਆਂ ਕਾਰਨ ਉਨ੍ਹਾਂ ਦੀ ਨਜ਼ਰ ਧੁੰਦਲੀ ਹੋ ਗਈ ਅਤੇ ਇਸ ਦੌਰਾਨ ਜਹਾਜ਼ ਤੇਜ਼ੀ ਨਾਲ ਹੇਠਾਂ ਜਾਣ ਲੱਗਾ। ਕੈਪਟਨ ਮੱਛਾਰ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਜਹਾਜ਼ ਨੂੰ ਕਾਬੂ ਕਰਕੇ ਐਮਰਜੈਂਸੀ ਲੈਂਡਿੰਗ ਕਰਵਾਈ। ਦੱਸਿਆ ਗਿਆ ਹੈ ਕਿ ਹਾਈਜੈਕਿੰਗ ਸਬੰਧੀ ਡਿਸਟ੍ਰੈੱਸ ਸਿਗਨਲ ਭੇਜਣ ਤੋਂ ਪਹਿਲਾਂ ਜਹਾਜ਼ ਕਰੀਬ ਦੋ ਮਿੰਟਾਂ ਵਿੱਚ ਲਗਭਗ 16,000 ਫੁੱਟ ਹੇਠਾਂ ਆ ਗਿਆ ਸੀ।
