ਵੱਡੀ ਮਾਤਰਾ ’ਚ ਵਿਸਫੋਟਕ ਸਮੱਗਰੀ ਬਰਾਮਦ, ਦੁਕਾਨਦਾਰ ਗ੍ਰਿਫ਼ਤਾਰ
Explosive material seized; shopkeeper arrested: ਫਰੀਦਾਬਾਦ: ਫਰੀਦਾਬਾਦ ਕ੍ਰਾਈਮ ਬ੍ਰਾਂਚ ਨੇ ਬੱਲਭਗੜ੍ਹ ਦੀ ਮੁਕੇਸ਼ ਕਾਲੋਨੀ ਵਿੱਚ ਛਾਪੇਮਾਰੀ ਕਰਕੇ ਇੱਕ ਖਾਲੀ ਪਲਾਟ ਤੋਂ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਗੋਦਾਮ ਮਾਲਕ ਅਤੇ ਵਪਾਰੀ ਪੁਨੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਖਾਲੀ ਪਲਾਟ ਵਿੱਚ ਪੋਟਾਸ਼ ਅਤੇ ਗੰਧਕ ਦੇ ਕਈ ਕੱਟੇ ਰੱਖੇ ਹੋਏ ਸਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸਮੱਗਰੀ ਕਥਿਤ ਤੌਰ ’ਤੇ ਦੀਵਾਲੀ ਮੌਕੇ ਵਿਕਰੀ ਲਈ ਲਿਆਂਦੀ ਗਈ ਸੀ।
ਕ੍ਰਾਈਮ ਬ੍ਰਾਂਚ ਸੈਕਟਰ-30 ਦੇ ਇੰਚਾਰਜ ਅਨਿਲ ਕੁਮਾਰ ਅਨੁਸਾਰ, ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਕੇਸ਼ ਕਾਲੋਨੀ ਦੇ ਇੱਕ ਖਾਲੀ ਪਲਾਟ ਵਿੱਚ ਵੱਡੀ ਮਾਤਰਾ ਵਿੱਚ ਪੋਟਾਸ਼ ਅਤੇ ਗੰਧਕ ਵਰਗੀ ਸਮੱਗਰੀ ਰੱਖੀ ਹੋਈ ਹੈ। ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪੁਨੀਤ ਨੂੰ ਕਾਬੂ ਕਰ ਲਿਆ ਅਤੇ ਸਮੱਗਰੀ ਕਬਜ਼ੇ ਵਿੱਚ ਲੈ ਲਈ।
ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਕਸਪਲੋਸਿਵ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ 3 ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ।
ਪੁਲਿਸ ਹੁਣ ਪੁੱਛਗਿੱਛ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਸਫੋਟਕ ਸਮੱਗਰੀ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਕਿੱਥੇ ਭੇਜਿਆ ਜਾਣਾ ਸੀ। ਪੁਲਿਸ ਨੇ ਇਹ ਵੀ ਖਦਸ਼ਾ ਜਤਾਇਆ ਹੈ ਕਿ ਮੁਲਜ਼ਮ ਦੇ ਹੋਰ ਟਿਕਾਣਿਆਂ ਤੋਂ ਵੀ ਅਜਿਹੀ ਸਮੱਗਰੀ ਬਰਾਮਦ ਹੋ ਸਕਦੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
