ਸ਼ਰਾਬ ਦੇ ਠੇਕੇ ‘ਤੇ ਸਾਬਕਾ ਸਰਪੰਚ ਦਾ ਕੁਹਾੜੀ ਨਾਲ ਕਤਲ
Former Sarpanch hacked to death with an axe: ਬਠਿੰਡਾ: ਬਠਿੰਡਾ ਦੇ ਪਿੰਡ ਜੱਸੀ ਪੋ ਵਾਲੀ ਵਿੱਚ ਐਤਵਾਰ ਦੇਰ ਸ਼ਾਮ ਸ਼ਰਾਬ ਦੇ ਠੇਕੇ ਦੇ ਬਾਹਰ ਸਾਬਕਾ ਸਰਪੰਚ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪਿੰਡ ਫੂਸ ਮੰਡੀ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਵਜੋਂ ਹੋਈ ਹੈ। ਉਹ ਸ਼ਰਾਬ ਖਰੀਦਣ ਲਈ ਠੇਕੇ ’ਤੇ ਪਹੁੰਚਿਆ ਸੀ, ਜਦੋਂ ਪਿੱਛਿਓਂ ਆਏ ਇੱਕ ਵਿਅਕਤੀ ਨੇ ਉਸ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਦੇ ਭਤੀਜੇ ਹੈਪੀ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਐਤਵਾਰ ਸ਼ਾਮ ਸ਼ਰਾਬ ਲੈਣ ਲਈ ਜੱਸੀ ਪੋ ਵਾਲੀ ਦੇ ਠੇਕੇ ’ਤੇ ਗਏ ਸਨ। ਇਸ ਦੌਰਾਨ ਇੱਕ ਵਿਅਕਤੀ ਨੇ ਪਿੱਛਿਓਂ ਆ ਕੇ ਉਨ੍ਹਾਂ ’ਤੇ ਕੁਹਾੜੀ ਨਾਲ ਵਾਰ ਕਰ ਦਿੱਤੇ। ਹੈਪੀ ਸਿੰਘ ਮੁਤਾਬਕ, ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਵਾਰਦਾਤ ਤੋਂ ਬਾਅਦ ਉੱਥੋਂ ਚਲਾ ਗਿਆ ਸੀ। ਕੁਝ ਸਮੇਂ ਬਾਅਦ ਉਹ ਮੁੜ ਆਇਆ ਅਤੇ ਜਗਤਾਰ ਸਿੰਘ ਦੀ ਮੌਤ ਦੀ ਪੁਸ਼ਟੀ ਕਰਨ ਮਗਰੋਂ ਪੈਦਲ ਹੀ ਫ਼ਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਦੇ ਨਾਲ-ਨਾਲ ਘਟਨਾ ਸਮੇਂ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਤਲ ਪਿੱਛੇ ਕੀ ਕਾਰਨ ਸੀ, ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਮ੍ਰਿਤਕ ਦੀ ਲਾਸ਼ ਨੂੰ ਸਹਾਰਾ ਜਨਸੇਵਾ ਟੀਮ ਦੀ ਮਦਦ ਨਾਲ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ।
