250 ਕਿਲੋ ਹੈਰੋਇਨ ਦੀ ਪੇਮੈਂਟ ਹਵਾਲਾ ਰਾਹੀਂ ਪਾਕਿਸਤਾਨ ਭੇਜਣ ਦਾ ਮਾਮਲਾ, ਜਗਰਾਓਂ ਦਾ ਕਾਰੋਬਾਰੀ ਗ੍ਰਿਫ਼ਤਾਰ
Sending payment of heroin to Pak via Hawala: ਜਗਰਾਓਂ: ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਅਤੇ ਬੀਐੱਸਐੱਫ ਦੀ ਸੱਤ ਮਹੀਨਿਆਂ ਤੋਂ ਚੱਲ ਰਹੀ ਜਾਂਚ ਵਿੱਚ ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਅਤੇ ਹਵਾਲਾ ਨੈੱਟਵਰਕ ਰਾਹੀਂ ਪੈਸੇ ਪਾਕਿਸਤਾਨ ਭੇਜਣ ਵਾਲੇ ਸਿੰਡੀਕੇਟ ਦਾ ਖੁਲਾਸਾ ਹੋਇਆ ਹੈ। ANTF ਨੇ ਜਗਰਾਓਂ ਦੇ ਹਵਾਲਾ ਕਾਰੋਬਾਰੀ ਕਪਿਲ ਗਰਨ ਉਰਫ਼ ਪਾਸ ਗਰਗ ਨੂੰ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਹੈ।
ਜਾਂਚ ਏਜੰਸੀ ਮੁਤਾਬਕ ਗਰਗ ਦੇ ਲਿੰਕ ਪਾਕਿਸਤਾਨ ਵਿੱਚ ਬੈਠੇ ਸ਼ਹਿਜ਼ਾਦ ਭੱਟੀ ਨਾਲ ਸਾਹਮਣੇ ਆਏ ਹਨ। ਹਵਾਲਾ ਅਤੇ ਹੋਰ ਵਿਦੇਸ਼ੀ ਮਾਧਿਅਮਾਂ ਰਾਹੀਂ ਪਾਕਿਸਤਾਨ ਨੂੰ ਰਕਮ ਭੇਜੀ ਜਾਂਦੀ ਸੀ। ਹੁਣ ਤੱਕ ਮਾਮਲੇ ਵਿੱਚ 24 ਕਿਲੋ 750 ਗ੍ਰਾਮ ਹੈਰੋਇਨ, 49.94 ਲੱਖ ਰੁਪਏ ਦੀ ਡਰੱਗ ਮਨੀ ਅਤੇ BMW, ਫਾਰਚੂਨਰ, ਸਕਾਰਪੀਓ-ਐੱਨ, ਹਾਈਲਕਸ, ਥਾਰ ਅਤੇ ਮਹਿੰਦਰਾ XUV ਸਮੇਤ 6 ਵਾਹਨ ਬਰਾਮਦ ਕੀਤੇ ਜਾ ਚੁੱਕੇ ਹਨ।
ਮਾਮਲੇ ਵਿੱਚ ਹੁਣ ਤੱਕ 18 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 12 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਗਰਗ ਤੱਕ ਪਹੁੰਚ ਕੀਤੀ ਗਈ। ਉਹ ਇਸ ਸਮੇਂ ਪੁਲਿਸ ਰਿਮਾਂਡ ’ਤੇ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਅਦਾਲਤ ਨੇ ਮਾਮਲਾ ਗੰਭੀਰ ਮੰਨਦਿਆਂ ਜ਼ਮਾਨਤ ਅਰਜ਼ੀਆਂ ਕੀਤੀਆਂ ਖਾਰਜ
ਮੁਲਜ਼ਮ ਮਲੂਕ ਨੇ ਖੁਦ ਨੂੰ ਬੇਕਸੂਰ ਦੱਸਦਿਆਂ 8 ਸਤੰਬਰ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ 16 ਸਤੰਬਰ ਨੂੰ ਖਾਰਜ ਕਰ ਦਿੱਤਾ ਗਿਆ। ਮੁਲਜ਼ਮ ਗੁਰਪ੍ਰੀਤ ਅਤੇ ਵਿਜੈ ਨੇ ਵੀ 3 ਸਤੰਬਰ ਨੂੰ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ ਸਨ, ਜਿਨ੍ਹਾਂ ਨੂੰ ਅਦਾਲਤ ਨੇ 15 ਸਤੰਬਰ ਨੂੰ ਰੱਦ ਕਰ ਦਿੱਤਾ।
ਇਸ ਤੋਂ ਇਲਾਵਾ ਮੁਲਜ਼ਮ ਰੋਹਿਤ ਨੇ 13 ਮਈ ਨੂੰ ਜ਼ਮਾਨਤ ਲਈ ਅਦਾਲਤ ਦਾ ਰੁਖ ਕੀਤਾ ਸੀ, ਪਰ ਉਸ ਦੀ ਅਰਜ਼ੀ ਵੀ 27 ਮਈ ਨੂੰ ਖਾਰਜ ਕਰ ਦਿੱਤੀ ਗਈ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਿਹਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਨਾਲ ਜੁੜੇ ਨੈੱਟਵਰਕ ਦੀ ਜਾਂਚ ਮਹੱਤਵਪੂਰਨ ਹੈ।
