ਦੂਜੀ ਮੰਜ਼ਿਲ ਤੋਂ ਡਿੱਗਿਆ 5 ਸਾਲਾ ਬੱਚਾ, ਨੌਜਵਾਨ ਨੇ ਬਚਾਈ ਜਾਨ; ਵੀਡੀਓ ਵਾਇਰਲ
- ਦੂਜੀ ਮੰਜ਼ਿਲ ਤੋਂ ਡਿੱਗਿਆ 5 ਸਾਲਾ ਬੱਚਾ, ਨੌਜਵਾਨ ਨੇ ਬਚਾਈ ਜਾਨ; ਵੀਡੀਓ ਵਾਇਰਲ
5-year-old child falls from second floor: ਨਵੀਂ ਦਿੱਲੀ: ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਇੱਕ ਵਿਅਕਤੀ ਨੇ ਆਪਣੀ ਫੁਰਤੀ ਅਤੇ ਹਿੰਮਤ ਨਾਲ ਦੂਜੀ ਮੰਜ਼ਿਲ ਦੀ ਬਾਲਕਨੀ ਤੋਂ ਡਿੱਗ ਰਹੇ 5 ਸਾਲਾ ਬੱਚੇ ਦੀ ਜਾਨ ਬਚਾ ਲਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰਿਪੋਰਟ ਮੁਤਾਬਕ ਅਹਿਮਦ ਰਗਾਬ ਅਰਧ ਅਲ-ਲੇਵਾ ਇਲਾਕੇ ਵਿੱਚ ਇੱਕ ਦੁਕਾਨ ਨੇੜੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਬੱਚੇ ਦੇ ਰੋਣ ਅਤੇ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਜਦੋਂ ਨੇੜਲੀ ਇਮਾਰਤ ਵੱਲ ਦੇਖਿਆ ਤਾਂ ਬੱਚਾ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗਦਾ ਨਜ਼ਰ ਆਇਆ।
ਵਾਇਰਲ ਵੀਡੀਓ ਵਿੱਚ ਰਗਾਬ ਨੂੰ ਤੁਰੰਤ ਬੱਚੇ ਵੱਲ ਦੌੜਦੇ ਦੇਖਿਆ ਜਾ ਸਕਦਾ ਹੈ। ਡਿੱਗਦੇ ਸਮੇਂ ਬੱਚਾ ਪਹਿਲਾਂ ਕੱਪੜੇ ਸੁਕਾਉਣ ਵਾਲੀ ਤਾਰ ਨਾਲ ਟਕਰਾਇਆ, ਜਿਸ ਕਾਰਨ ਉਸ ਦੀ ਰਫ਼ਤਾਰ ਕੁਝ ਘੱਟ ਹੋਈ ਅਤੇ ਰਗਾਬ ਨੂੰ ਉਸ ਤੱਕ ਪਹੁੰਚਣ ਦਾ ਸਮਾਂ ਮਿਲ ਗਿਆ। ਰਗਾਬ ਨੇ ਬੱਚੇ ਨੂੰ ਜ਼ਮੀਨ ’ਤੇ ਡਿੱਗਣ ਤੋਂ ਪਹਿਲਾਂ ਹੀ ਫੜ ਲਿਆ। ਰਗਾਬ ਨੇ ਦੱਸਿਆ ਕਿ ਸਾਰੀ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਬਾਰੇ ਸੋਚਣ ਦਾ ਵੀ ਸਮਾਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਬੱਚੇ ਨੂੰ ਖ਼ਤਰੇ ਵਿੱਚ ਦੇਖ ਕੇ ਉਨ੍ਹਾਂ ਨੇ ਤੁਰੰਤ ਉਸ ਨੂੰ ਬਚਾਉਣ ਲਈ ਦੌੜ ਲਗਾ ਦਿੱਤੀ।
ਬੱਚੇ ਦੇ ਸੁਰੱਖਿਅਤ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਥਿਤੀ ਕਿੰਨੀ ਗੰਭੀਰ ਸੀ। ਰਗਾਬ ਨੇ ਕਿਹਾ ਕਿ ਉਹ ਖੁਦ ਵੀ ਨਹੀਂ ਦੱਸ ਸਕਦੇ ਕਿ ਉਹ ਸਮੇਂ ਸਿਰ ਬੱਚੇ ਤੱਕ ਕਿਵੇਂ ਪਹੁੰਚੇ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਰਗਾਬ ਦੀ ਹਿੰਮਤ ਅਤੇ ਤੁਰੰਤ ਕੀਤੀ ਕਾਰਵਾਈ ਦੀ ਸ਼ਲਾਘਾ ਕਰ ਰਹੇ ਹਨ। ਹਾਲਾਂਕਿ ਰਗਾਬ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਦਾ ਇੱਕੋ ਮਕਸਦ ਬੱਚੇ ਨੂੰ ਜ਼ਮੀਨ ’ਤੇ ਡਿੱਗਣ ਤੋਂ ਬਚਾਉਣਾ ਸੀ।
ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਛੋਟੇ ਬੱਚਿਆਂ ’ਤੇ ਨਜ਼ਰ ਰੱਖਣ ਅਤੇ ਬਾਲਕਨੀ ਜਾਂ ਖਿੜਕੀਆਂ ਨੇੜੇ ਅਜਿਹੀਆਂ ਕੁਰਸੀਆਂ ਜਾਂ ਹੋਰ ਚੀਜ਼ਾਂ ਨਾ ਰੱਖਣ, ਜਿਨ੍ਹਾਂ ’ਤੇ ਚੜ੍ਹ ਕੇ ਬੱਚੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।
