ਨੌਜਵਾਨ ਦੀ ਨਿਹੰਗਾਂ ਵੱਲੋਂ ਕੁੱਟਮਾਰ: ਵੀਡੀਓ ਹੋਈ ਵਾਇਰਲ
Youth beaten up by Nihangs: ਅੰਮ੍ਰਿਤਸਰ: ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਨੌਜਵਾਨ ਦੀ ਨਿਹੰਗਾਂ ਵੱਲੋਂ ਕੁੱਟਮਾਰ ਕਰਨ ਦਾ 20 ਸਕਿੰਟ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਤਿੰਨ ਨਿਹੰਗ ਨੌਜਵਾਨ ਨੂੰ ਘੇਰ ਕੇ ਖੜ੍ਹੇ ਦਿਖਾਈ ਦੇ ਰਹੇ ਹਨ। ਦੋ ਨਿਹੰਗ ਉਸ ਦੀਆਂ ਦੋਵੇਂ ਬਾਹਾਂ ਫੜ ਕੇ ਰੱਖਦੇ ਹਨ, ਜਦਕਿ ਇੱਕ ਉਸ ਨੂੰ ਡੰਡੇ ਨਾਲ ਮਾਰਦਾ ਅਤੇ ਬਾਅਦ ਵਿੱਚ ਦੋ ਨਿਹੰਗ ਉਸ ਨੂੰ ਥੱਪੜ ਮਾਰਦੇ ਦਿਖਾਈ ਦਿੰਦੇ ਹਨ।
ਇਹ ਵੀਡੀਓ ਦਸ਼ਮੇਸ਼ ਤਰਨਾ ਦਲ ਦੇ ਨਿਹੰਗ ਬਾਬਾ ਗੁਰਦੀਪ ਸਿੰਘ ਦੇ ਸੋਸ਼ਲ ਮੀਡੀਆ ਪੇਜ ਤੋਂ ਅਪਲੋਡ ਕੀਤਾ ਗਿਆ ਹੈ। ਬਾਬਾ ਗੁਰਦੀਪ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਨੌਜਵਾਨ ਵੱਲੋਂ ਨਸ਼ਾ ਵੇਚਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਖ਼ਿਲਾਫ਼ ਕਾਰਵਾਈ ਕੀਤੀ ਗਈ। ਉਨ੍ਹਾਂ ਮੁਤਾਬਕ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿਅਕਤੀ ਨੇ ਗੁਪਤ ਤੌਰ ’ਤੇ ਨੌਜਵਾਨ ਵੱਲੋਂ ਨਸ਼ਾ ਵੇਚਣ ਸਬੰਧੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਪਿੰਡ ਦਾ ਨਾਮ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸੂਚਨਾ ਦੇਣ ਵਾਲੇ ਲੋਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ।
ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਦਸ਼ਮੇਸ਼ ਤਰਨਾ ਦਲ ਵੱਲੋਂ ਮੌਜੂਦਾ ਮੁਖੀ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ੇ ਦੀ ਲਤ ਛੱਡ ਕੇ ਆਮ ਜੀਵਨ ਵੱਲ ਪਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੀ ਲਤ ਦਾ ਅੰਤ ਮੌਤ ਤੱਕ ਪਹੁੰਚ ਸਕਦਾ ਹੈ।
