ਤਰਨਤਾਰਨ ‘ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਬਾਈਕ ਸਵਾਰ 2 ਹਮਲਾਵਰਾਂ ਨੇ ਕੀਤੀ ਫਾਇਰਿੰਗ
Tarn Taran AAP Sarpanch Murder; : ਤਰਨਤਾਰਨ ਦੇ ਪੱਟੀ ਹਲਕੇ ਵਿੱਚ ਆਮ ਆਦਮੀ ਪਾਰਟੀ (AAP) ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਤੂਤ ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਉਰਫ਼ ਅਸ਼ਵਨੀ ਦੇਵਗਨ ਵਜੋਂ ਹੋਈ ਹੈ। ਮੰਗਲਵਾਰ ਨੂੰ ਤੂਤ ਬੱਸ ਸਟੈਂਡ ਨੇੜੇ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ।
ਹਮਲਾਵਰਾਂ ਨੇ ਸਰਪੰਚ ‘ਤੇ ਤਿੰਨ ਗੋਲੀਆਂ ਚਲਾਈਆਂ। ਗੋਲੀਆਂ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਵਾਰਦਾਤ ਦੌਰਾਨ ਸਰਪੰਚ ਦੇ ਨਾਲ ਮੌਜੂਦ ਉਨ੍ਹਾਂ ਦੇ ਸਾਥੀ ਚਮਕੌਰ ਸਿੰਘ ਨੂੰ ਵੀ ਗੋਲੀਆਂ ਦੇ ਛਰਰੇ ਲੱਗੇ ਹਨ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਬਾਈਕ ‘ਤੇ ਸਵਾਰ ਹੋ ਕੇ ਆਏ ਸਨ ਹਮਲਾਵਰ
ਪੁਲਿਸ ਮੁਤਾਬਕ ਅਸ਼ਵਨੀ ਕੁਮਾਰ ਇੱਕ ਕਿਰਿਆਨਾ ਸਟੋਰ ਤੋਂ ਨਿਕਲ ਕੇ ਦਾਣਾ ਮੰਡੀ ਤੂਤ ਸਥਿਤ ਆਪਣੀ ਆੜ੍ਹਤ ਦੀ ਦੁਕਾਨ ਵੱਲ ਜਾ ਰਹੇ ਸਨ। ਇਸੇ ਦੌਰਾਨ ਬਾਈਕ ‘ਤੇ ਸਵਾਰ ਦੋ ਵਿਅਕਤੀ ਆਏ ਅਤੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ।
ਜ਼ਖਮੀ ਚਮਕੌਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਹਮਲਾਵਰਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਉਨ੍ਹਾਂ ਨੇ ਸਰਪੰਚ ‘ਤੇ ਤਿੰਨ ਗੋਲੀਆਂ ਚਲਾਈਆਂ ਅਤੇ ਵਾਰਦਾਤ ਤੋਂ ਬਾਅਦ ਬਾਈਕ ‘ਤੇ ਫਰਾਰ ਹੋ ਗਏ।
ਇੱਕ ਗੋਲੀ ਦਿਲ ‘ਤੇ ਲੱਗੀ
ਪੱਟੀ ਦੇ DSP ਰਵੀ ਸ਼ੇਰ ਸਿੰਘ ਮੁਤਾਬਕ ਸਰਪੰਚ ਨੂੰ ਤਿੰਨ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਸਿੱਧੀ ਦਿਲ ‘ਤੇ ਲੱਗੀ। ਜ਼ਿਆਦਾ ਖੂਨ ਵਹਿਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। DSP ਨੇ ਦੱਸਿਆ ਕਿ ਅਸ਼ਵਨੀ ਕੁਮਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਨ।
50 ਲੱਖ ਦੀ ਫਿਰੌਤੀ ਮੰਗਣ ਦਾ ਦਾਅਵਾ
ਮ੍ਰਿਤਕ ਸਰਪੰਚ ਦੀ ਪਤਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ ਅਤੇ ਇਸ ਸਬੰਧੀ ਕਈ ਵਾਰ ਧਮਕੀਆਂ ਵੀ ਮਿਲ ਚੁੱਕੀਆਂ ਸਨ। ਹਾਲਾਂਕਿ ਇਸ ਦਾਅਵੇ ਦੀ ਪੁਲਿਸ ਵੱਲੋਂ ਅਜੇ ਪੁਸ਼ਟੀ ਨਹੀਂ ਕੀਤੀ ਗਈ।
ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਹਮਲਾਵਰਾਂ ਬਾਰੇ ਖੁਲਾਸਾ ਕੀਤਾ ਜਾਵੇਗਾ।
