5 ਕਰੋੜ ਰਿਸ਼ਵਤ ਮਾਮਲੇ ‘ਚ ED ਦਾ ਵੱਡਾ ਐਕਸ਼ਨ, CM ਮਾਨ ਦੇ ਸਾਢੂ ਨੂੰ ਕੀਤਾ ਤਲਬ
ED Summons CM Bhagwant Mann Brother in Law; ਪੰਜਾਬ ਵਿੱਚ ਰੇਪ ਕੇਸ ਨਾਲ ਜੁੜੇ 5 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਢੂ ਅਮਰਦੀਪ ਸਿੰਘ ਗਰੇਵਾਲ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਤਲਬ ਕੀਤਾ ਹੈ। ਅਮਰਦੀਪ ਗਰੇਵਾਲ, CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਜੀਜਾ ਹਨ।
ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ ਅਤੇ ਗਰੇਵਾਲ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਨਾਲ ਵੀ ਸਬੰਧਤ ਦੱਸੇ ਜਾਂਦੇ ਹਨ। ਉਹ ‘ਮੌਜਾਂ ਹੀ ਮੌਜਾਂ’ ਅਤੇ ‘ਸਨੋਮੈਨ’ ਸਮੇਤ ਕਈ ਪੰਜਾਬੀ ਫਿਲਮਾਂ ਨਾਲ ਜੁੜੇ ਰਹੇ ਹਨ।
ਕੀ ਹੈ ਰੇਪ ਕੇਸ?
ਗੁਰਵਿੰਦਰ ਸਿੰਘ ਉਰਫ਼ ਗੁਰੀ ਚਹਿਲ ਖ਼ਿਲਾਫ਼ ਇੱਕ ਮਹਿਲਾ ਦੀ ਸ਼ਿਕਾਇਤ ‘ਤੇ ਰੇਪ, ਬਲੈਕਮੇਲ ਅਤੇ ਧਮਕੀਆਂ ਸਮੇਤ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੋਹਾਲੀ ਦੇ ਸੋਹਾਣਾ ਥਾਣੇ ਵਿੱਚ 1 ਮਈ ਨੂੰ FIR ਦਰਜ ਹੋਈ ਸੀ।
ਸ਼ਿਕਾਇਤਕਰਤਾ 26 ਸਾਲਾ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ ਗਏ, ਬਲੈਕਮੇਲ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ। ਇਸੇ ਮਾਮਲੇ ਦੌਰਾਨ FIR ਰੱਦ ਕਰਵਾਉਣ ਅਤੇ ਕੇਸ ਨੂੰ ਦਬਾਉਣ ਲਈ 5 ਕਰੋੜ ਰੁਪਏ ਦੀ ਕਥਿਤ ਮੰਗ ਦੇ ਦੋਸ਼ ਸਾਹਮਣੇ ਆਏ।
ਅਮਰਦੀਪ ਗਰੇਵਾਲ ਦਾ ਨਾਮ ਕਿਵੇਂ ਆਇਆ?
ਅਮਰਦੀਪ ਸਿੰਘ ਗਰੇਵਾਲ ਦਾ ਨਾਮ ਇਸ ਮਾਮਲੇ ਵਿੱਚ ਲਗਾਏ ਗਏ ਦੋਸ਼ਾਂ ਕਾਰਨ ਸਾਹਮਣੇ ਆਇਆ। ਪੀੜਤਾ ਦੇ ਪਿਤਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਕਿ ਗਰੇਵਾਲ ਦੇ ਮੁੱਖ ਮੰਤਰੀ ਦੀ ਪਤਨੀ ਨਾਲ ਕਥਿਤ ਤੌਰ ‘ਤੇ ਕਰੀਬੀ ਸਬੰਧ ਹਨ ਅਤੇ ਉਨ੍ਹਾਂ ਦੇ ਜ਼ਰੀਏ ਕੇਸ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਸ ਤੋਂ ਇਲਾਵਾ ਗੁਰੀ ਚਹਿਲ ਦੇ ਦੋਸਤ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਵੀ ਗਰੇਵਾਲ ਨੂੰ ਲੈ ਕੇ ਦੋਸ਼ ਲਗਾਏ ਗਏ। ਇਸ ਵਿੱਚ ਦਾਅਵਾ ਕੀਤਾ ਗਿਆ ਕਿ ਗਰੇਵਾਲ ਕਥਿਤ ਤੌਰ ‘ਤੇ ਰੇਪ ਕੇਸ ਖ਼ਤਮ ਕਰਵਾਉਣ ਦੇ ਨਾਮ ‘ਤੇ ਕਰੋੜਾਂ ਰੁਪਏ ਦੀ ਮੰਗ ਕਰ ਰਿਹਾ ਸੀ।
ਹਾਲਾਂਕਿ, ਇਹ ਸਾਰੇ ਦੋਸ਼ ਹਨ ਅਤੇ ਇਨ੍ਹਾਂ ਦੀ ਸੱਚਾਈ ਦਾ ਅੰਤਿਮ ਤੌਰ ‘ਤੇ ਫ਼ੈਸਲਾ ਜਾਂਚ ਤੋਂ ਬਾਅਦ ਹੀ ਹੋਵੇਗਾ।
ਹਾਈਕੋਰਟ ਨੇ ਕੀ ਕਿਹਾ ਸੀ?
ਪੀੜਤਾ ਦੇ ਪਿਤਾ ਨੇ ਹਾਈਕੋਰਟ ਵਿੱਚ ਖਦਸ਼ਾ ਜਤਾਇਆ ਸੀ ਕਿ ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੋ ਸਕੇਗੀ। ਪਟੀਸ਼ਨ ਵਿੱਚ FIR ਰੱਦ ਕਰਵਾਉਣ ਲਈ ਸਿਆਸੀ ਪ੍ਰਭਾਵ ਦੀ ਵਰਤੋਂ ਕੀਤੇ ਜਾਣ ਦੇ ਦੋਸ਼ ਵੀ ਲਗਾਏ ਗਏ ਸਨ।
20 ਜੁਲਾਈ ਨੂੰ ਹਾਈਕੋਰਟ ਨੇ ਮਾਮਲੇ ਦੀ ਜਾਂਚ ਸਥਾਨਕ ਪੁਲਿਸ ਤੋਂ ਹਟਾ ਕੇ ਸਪੈਸ਼ਲ DGP ਦੀ ਨਿਗਰਾਨੀ ਹੇਠ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਸੌਂਪਣ ਦੇ ਹੁਕਮ ਦਿੱਤੇ ਸਨ। ਅਦਾਲਤ ਦੇ ਹੁਕਮ ਵਿੱਚ 5 ਕਰੋੜ ਰੁਪਏ ਦੀ ਕਥਿਤ ਮੰਗ ਅਤੇ ਮੁੱਖ ਮੰਤਰੀ ਦੀ ਪਤਨੀ ਨਾਲ ਕਥਿਤ ਸਬੰਧਾਂ ਸਬੰਧੀ ਦੋਸ਼ਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਹਾਲਾਂਕਿ ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਉਸ ਪੜਾਅ ‘ਤੇ ਉਹ ਦੋਸ਼ਾਂ ਦੀ ਸੱਚਾਈ ਤੈਅ ਨਹੀਂ ਕਰ ਰਹੀ।
ਗੁਰਪ੍ਰੀਤ ਕੌਰ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਡਾ. ਗੁਰਪ੍ਰੀਤ ਕੌਰ ਨੇ 5 ਕਰੋੜ ਰੁਪਏ ਦੀ ਮੰਗ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਾਨਹਾਨੀ ਵਾਲੇ ਦੱਸਿਆ ਹੈ। ਉਨ੍ਹਾਂ ਨੇ ਦੋਸ਼ ਲਗਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਨੇ ਰਿਟਾਇਰਡ ਜੱਜ ਜਸਟਿਸ ਰਣਜੀਤ ਸਿੰਘ ਨੂੰ ਵੀ ਕਾਨੂੰਨੀ ਨੋਟਿਸ ਭੇਜਿਆ ਸੀ।
NHRC ਨੇ ਵੀ ਲਿਆ ਨੋਟਿਸ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਵੀ ਇਸ ‘ਤੇ ਨੋਟਿਸ ਲਿਆ ਸੀ। NHRC ਨੇ ਪੰਜਾਬ ਦੇ ਮੁੱਖ ਸਕੱਤਰ ਅਤੇ DGP ਨੂੰ ਨੋਟਿਸ ਜਾਰੀ ਕਰਕੇ ਦੋਸ਼ਾਂ ਦੀ ਜਾਂਚ ਕਰਨ ਅਤੇ ਦੋ ਹਫ਼ਤਿਆਂ ਅੰਦਰ Action Taken Report ਪੇਸ਼ ਕਰਨ ਲਈ ਕਿਹਾ ਸੀ।
ਹੁਣ ED ਵੱਲੋਂ ਅਮਰਦੀਪ ਸਿੰਘ ਗਰੇਵਾਲ ਨੂੰ ਸੰਮਨ ਭੇਜੇ ਜਾਣ ਤੋਂ ਬਾਅਦ ਇਹ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ।
