ਸਾਊਦੀ ਅਰਬ ’ਚ ਨੰਗਲ ਦੇ ਨੌਜਵਾਨ ਨੂੰ ਮੌਤ ਦੀ ਸਜ਼ਾ, ਬਜ਼ੁਰਗ ਮਾਂ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ
Youth from Nangal sentenced to death in Saudi Arabia: ਨੰਗਲ (ਚੋਵੇਸ਼ ਲਟਾਵਾ): ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ ਗਿਆ ਨੰਗਲ ਦਾ ਨੌਜਵਾਨ ਹੁਣ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਪਿੰਡ ਲੋਅਰ ਪੱਟੀ ਨਾਲ ਸਬੰਧਤ ਗੁਰਪ੍ਰੀਤ ਸਿੰਘ ਨੂੰ ਕਥਿਤ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਾਊਦੀ ਅਰਬ ਦੀ ਅਦਾਲਤ ਵੱਲੋਂ ਸਜ਼ਾ-ਏ-ਮੌਤ ਸੁਣਾਏ ਜਾਣ ਦੀ ਜਾਣਕਾਰੀ ਪਰਿਵਾਰ ਨੂੰ ਮਿਲੀ ਹੈ।
ਗੁਰਪ੍ਰੀਤ ਦੇ ਪਰਿਵਾਰ ਮੁਤਾਬਕ ਉਹ ਕਰੀਬ ਚਾਰ ਸਾਲ ਪਹਿਲਾਂ ਰੁਜ਼ਗਾਰ ਲਈ ਮਸਕਟ, ਓਮਾਨ ਗਿਆ ਸੀ ਅਤੇ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਕਰੀਬ ਦੋ ਸਾਲ ਪਹਿਲਾਂ ਉਸ ਨੂੰ ਸਾਊਦੀ ਅਰਬ ਵਿੱਚ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਪਰਿਵਾਰ ਨੂੰ 25 ਸਤੰਬਰ ਨੂੰ ਉਸ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਮਿਲੀ।
ਗੁਰਪ੍ਰੀਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਉਸ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਅਤੇ ਘਰ ਵਿੱਚ ਉਸ ਦੀ ਬਜ਼ੁਰਗ ਮਾਂ ਸਤਵੰਤ ਕੌਰ ਇਕੱਲੀ ਰਹਿੰਦੀ ਹੈ। ਪੁੱਤਰ ਦੀ ਸਜ਼ਾ ਦੀ ਖ਼ਬਰ ਤੋਂ ਬਾਅਦ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ। ਉਸ ਦਾ ਕਹਿਣਾ ਹੈ ਕਿ ਪੁੱਤਰ ਹੀ ਉਸ ਦਾ ਇਕਲੌਤਾ ਸਹਾਰਾ ਹੈ।
ਪਰਿਵਾਰ ਨੇ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਤੋਂ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਪਰਿਵਾਰ ਦੀ ਮੰਗ ਹੈ ਕਿ ਗੁਰਪ੍ਰੀਤ ਨੂੰ ਹਰ ਸੰਭਵ ਕਾਨੂੰਨੀ ਅਤੇ ਕੂਟਨੀਤਕ ਸਹਾਇਤਾ ਦਿੱਤੀ ਜਾਵੇ ਅਤੇ ਉਸ ਦੀ ਸਜ਼ਾ ਨੂੰ ਰੋਕਣ ਲਈ ਸਾਊਦੀ ਅਰਬ ਦੇ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਜਾਵੇ।
ਇਸ ਦੇ ਨਾਲ ਹੀ ਪਰਿਵਾਰ ਨੇ ਸਥਾਨਕ ਵਿਧਾਇਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ। ਹੁਣ ਪਰਿਵਾਰ ਦੀਆਂ ਉਮੀਦਾਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ’ਤੇ ਟਿਕੀਆਂ ਹਨ। ਬਜ਼ੁਰਗ ਮਾਂ ਆਪਣੇ ਪੁੱਤਰ ਦੀ ਸਲਾਮਤੀ ਲਈ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ।
