ਤੇਜ਼ ਰਫ਼ਤਾਰ ਇਨੋਵਾ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਰਿਕਸ਼ਾ ਚਾਲਕ ਦੀ ਮੌਤ
Speeding Innova hits e-rickshaw: ਅੰਮ੍ਰਿਤਸਰ: ਸੰਧੂ ਕਾਲੋਨੀ ਇਲਾਕੇ ਨੇੜੇ ਇੱਕ ਤੇਜ਼ ਰਫ਼ਤਾਰ ਇਨੋਵਾ ਕ੍ਰਿਸਟਾ ਨੇ ਈ-ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਈ-ਰਿਕਸ਼ਾ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਮੌਕੇ ’ਤੇ ਇਕੱਠੇ ਹੋ ਗਏ।
ਚਸ਼ਮਦੀਦਾਂ ਮੁਤਾਬਕ ਇਨੋਵਾ ਕ੍ਰਿਸਟਾ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਅਚਾਨਕ ਬੇਕਾਬੂ ਹੋ ਕੇ ਈ-ਰਿਕਸ਼ਾ ਨਾਲ ਜਾ ਟਕਰਾਈ। ਟੱਕਰ ਕਾਰਨ ਈ-ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਜਾਣਕਾਰੀ ਹੈ।
ਮੌਕੇ ’ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ’ਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਦੋਸ਼ ਲਗਾਏ। ਹਾਲਾਂਕਿ ਪੁਲਿਸ ਮੁਤਾਬਕ ਪਹਿਲੀ ਨਜ਼ਰ ਵਿੱਚ ਚਾਲਕ ਦੇ ਮੂੰਹ ਵਿੱਚੋਂ ਸ਼ਰਾਬ ਦੀ ਗੰਧ ਨਹੀਂ ਆਈ। ਉਸ ਦੀ ਅਸਲ ਸਥਿਤੀ ਦਾ ਪਤਾ ਲਗਾਉਣ ਲਈ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਪੀਸੀਆਰ ਟੀਮ ਮੌਕੇ ’ਤੇ ਪਹੁੰਚੀ ਅਤੇ ਇਨੋਵਾ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਈ-ਰਿਕਸ਼ਾ ਚਾਲਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਛੇਹਰਟਾ ਥਾਣਾ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਕਾਰ ਚਾਲਕ ਦੀ ਸਥਿਤੀ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
