ਕਿਸਾਨ ਜਥੇਬੰਦੀ ਦੀ ਮੰਤਰੀ ਨਾਲ ਮੀਟਿੰਗ, ਝੋਨੇ ਦੇ ਨੁਕਸਾਨ ਤੋਂ ਲੈ ਕੇ DAP ਤੇ ਪਰਾਲੀ ਦੇ ਮੁੱਦੇ ‘ਤੇ ਹੋਈ ਚਰਚਾ
ਪਟਿਆਲਾ, 8 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਕੀਤੇ ਸੰਘਰਸ਼ਾਂ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਡੀਸੀ ਦਫ਼ਤਰ ਵਿਖੇ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੋਂ ਇਲਾਵਾ ਡੀਸੀ ਪਟਿਆਲਾ, ਐੱਸਐੱਸਪੀ ਪਟਿਆਲਾ, ਜ਼ਿਲ੍ਹਾ ਮਾਲ ਅਫ਼ਸਰ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਅਤੇ ਕੋਆਪਰੇਟਿਵ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।
ਜਥੇਬੰਦੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਜ਼ਿਲ੍ਹਾ ਪੱਧਰ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ।
ਝੋਨੇ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ
ਕਿਸਾਨ ਆਗੂਆਂ ਨੇ ਪਿਛਲੇ ਸਾਲ ਬੌਣੇ ਬੂਟੇ ਦੇ ਰੋਗ ਕਾਰਨ ਝੋਨੇ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਰੱਖੀ। ਜਥੇਬੰਦੀ ਨੇ ਕਿਹਾ ਕਿ ਫ਼ਸਲ ਦਾ ਝਾੜ ਘਟਣ ਦੇ ਨਾਲ ਕਿਸਾਨਾਂ ਨੂੰ ਮਹਿੰਗੀਆਂ ਦਵਾਈਆਂ ਦੇ ਛਿੜਕਾਅ ਦਾ ਵਾਧੂ ਖ਼ਰਚ ਵੀ ਝੱਲਣਾ ਪਿਆ, ਜਿਸ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ।
ਇਸ ਮਾਮਲੇ ‘ਤੇ ਕੈਬਨਿਟ ਮੰਤਰੀ ਵੱਲੋਂ ਹਾਂ-ਪੱਖੀ ਹੁੰਗਾਰਾ ਦਿੰਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦੇਣ ਦੀ ਗੱਲ ਕਹੀ ਗਈ।
ਗੜੇਮਾਰੀ ਨਾਲ ਨੁਕਸਾਨੀ ਕਣਕ ਦਾ ਮੁਆਵਜ਼ਾ
ਮੀਟਿੰਗ ਵਿੱਚ ਪਾਤੜਾਂ ਬਲਾਕ ਵਿੱਚ 19 ਫਰਵਰੀ 2024 ਨੂੰ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਨੁਕਸਾਨੀ ਕਣਕ ਦਾ ਮੁਆਵਜ਼ਾ ਵੀ ਚੁੱਕਿਆ ਗਿਆ। ਕਿਸਾਨ ਜਥੇਬੰਦੀ ਨੇ ਰਹਿੰਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਰਕਮ ਜਲਦ ਜਾਰੀ ਕਰਨ ਦੀ ਮੰਗ ਕੀਤੀ, ਜਿਸ ‘ਤੇ ਮੰਤਰੀ ਵੱਲੋਂ ਕਾਰਵਾਈ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ।
ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦਾ ਮੁੱਦਾ
ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਦੱਸਿਆ ਕਿ ਬਠੋਈ ਕਲਾਂ, ਜਾਹਲਾਂ ਅਤੇ ਕੱਛਵਾ ਪਿੰਡਾਂ ਦੀਆਂ ਜ਼ਮੀਨਾਂ ਨਾਲ ਸਬੰਧਤ ਮਾਮਲਾ ਵੀ ਮੀਟਿੰਗ ਵਿੱਚ ਰੱਖਿਆ ਗਿਆ। ਕਿਸਾਨ ਆਗੂਆਂ ਨੇ ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦੀ ਮੰਗ ਕੀਤੀ। ਮੰਤਰੀ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਜਲਦ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ।
DAP ਦੀ ਸਪਲਾਈ ਤੇ ਪਰਾਲੀ ਦਾ ਮੁੱਦਾ ਵੀ ਉੱਠਿਆ
ਇਸ ਤੋਂ ਇਲਾਵਾ ਕਿਸਾਨਾਂ ਨੂੰ DAP ਖਾਦ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਅਤੇ ਪਰਾਲੀ ਦੀ ਸਮੱਸਿਆ ਦਾ ਢੁਕਵਾਂ ਹੱਲ ਕਰਨ ਸਬੰਧੀ ਵੀ ਚਰਚਾ ਹੋਈ।
ਸੁਲਤਾਨਪੁਰ ਦਾ 20 ਬੈੱਡਾਂ ਵਾਲਾ ਹਸਪਤਾਲ ਮੁੜ ਚਾਲੂ ਕਰਨ ਦੀ ਮੰਗ
ਜ਼ਿਲ੍ਹਾ ਸੰਗਠਨ ਸਕੱਤਰ ਬਲਰਾਜ ਜੋਸ਼ੀ ਨੇ ਦੱਸਿਆ ਕਿ ਪਿੰਡ ਸੁਲਤਾਨਪੁਰ ਵਿੱਚ ਬਣੇ 20 ਬੈੱਡਾਂ ਵਾਲੇ ਹਸਪਤਾਲ ਨੂੰ ਮੁੜ ਚਾਲੂ ਕਰਨ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਰੱਖੀ ਗਈ। ਸਿਹਤ ਮੰਤਰੀ ਵੱਲੋਂ ਹਸਪਤਾਲ ਲਈ ਲੋੜੀਂਦੇ ਸਟਾਫ਼ ਦੀ ਵਿਵਸਥਾ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ।
ਇਸੇ ਦੌਰਾਨ ਪਿੰਡ ਬਾਰਨ ਵਿੱਚ ਰਜਬਾਹੇ ਨੇੜਲੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਬਣਾਉਣ ਵਾਸਤੇ ਫੰਡ ਜਾਰੀ ਕਰਨ ਦੀ ਮੰਗ ਵੀ ਰੱਖੀ ਗਈ। ਮੰਤਰੀ ਨੇ ਇਸ ਕੰਮ ਲਈ ਨਿੱਜੀ ਤੌਰ ‘ਤੇ ਦਿਲਚਸਪੀ ਲੈ ਕੇ ਫੰਡ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ।
13 ਅਕਤੂਬਰ ਨੂੰ ਚੰਡੀਗੜ੍ਹ ‘ਚ ਸਰਕਾਰ ਨਾਲ ਅਗਲੀ ਮੀਟਿੰਗ
ਕਿਸਾਨ ਆਗੂਆਂ ਮੁਤਾਬਕ ਸਰਕਾਰ ਪੱਧਰ ਦੀਆਂ ਮੰਗਾਂ ਨੂੰ ਲੈ ਕੇ 13 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀ ਦੀ ਸੂਬਾ ਕਮੇਟੀ ਅਤੇ ਸਰਕਾਰ ਦੇ ਤਿੰਨ ਮੰਤਰੀਆਂ ਦੇ ਸਮੂਹ ਵਿਚਾਲੇ ਮੀਟਿੰਗ ਸੱਦੀ ਗਈ ਹੈ।
ਮੀਟਿੰਗ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਵਿੱਤ ਸਕੱਤਰ ਜਗਮੇਲ ਸਿੰਘ ਗਾਜੇਵਾਸ, ਅਵਤਾਰ ਸਿੰਘ ਬੁਰੜ, ਵਰਿੰਦਰ ਸਿੰਘ ਕਕਰਾਲਾ, ਹਰਦੀਪ ਸਿੰਘ ਡਰੌਲੀ, ਜਸਵਿੰਦਰ ਸਿੰਘ ਸਾਲੂਵਾਲ, ਗੁਰਮੀਤ ਸਿੰਘ, ਦਵਿੰਦਰ ਸਿੰਘ ਸੀਲ, ਹਰਮਨਦੀਪ ਸਿੰਘ ਨੰਦਪੁਰ ਕੇਸ਼ੋ ਸਮੇਤ ਹੋਰ ਆਗੂ ਮੌਜੂਦ ਰਹੇ।
