ਕੰਗਨਾ ਰਣੌਤ ਪਹੁੰਚੀ ਦਿੱਲੀ ਹਾਈ ਕੋਰਟ, ਪੜ੍ਹੋ ਕੀ ਹੈ ਮਾਮਲਾ ?
Kangana Ranaut reaches Delhi High Court: ਨਵੀਂ ਦਿੱਲੀ: ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ AI ਰਾਹੀਂ ਤਿਆਰ ਕੀਤੀ ਗਈ ਅਸ਼ਲੀਲ ਸਮੱਗਰੀ, ਪੋਰਨੋਗ੍ਰਾਫਿਕ ਕੰਟੈਂਟ ਅਤੇ ਉਨ੍ਹਾਂ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੀ ਆਨਲਾਈਨ ਸਮੱਗਰੀ ਨੂੰ ਹਟਾਉਣ ਦੀ ਮੰਗ ਕਰਦਿਆਂ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਜਸਟਿਸ ਵਿਕਾਸ ਮਹਾਜਨ ਦੀ ਅਦਾਲਤ ਨੇ ਕੰਗਨਾ ਵੱਲੋਂ ਆਪਣੇ ਸ਼ਖਸੀਅਤ ਅਧਿਕਾਰਾਂ ਦੀ ਸੁਰੱਖਿਆ ਲਈ ਦਾਇਰ ਮੁਕੱਦਮੇ ’ਤੇ ਸਬੰਧਤ ਧਿਰਾਂ ਨੂੰ ਸੰਮਨ ਜਾਰੀ ਕੀਤੇ ਹਨ। ਅਦਾਲਤ ਨੇ ਸੰਕੇਤ ਦਿੱਤਾ ਕਿ ਮਾਮਲੇ ਵਿੱਚ ਅੰਤਰਿਮ ਹੁਕਮ ਜਾਰੀ ਕੀਤਾ ਜਾਵੇਗਾ।
AI ਰਾਹੀਂ ਗਲਤ ਬਿਆਨ ਦਿਖਾਉਣ ਦਾ ਦੋਸ਼
ਕੰਗਨਾ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਆਨਲਾਈਨ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਅਸ਼ਲੀਲ ਅਤੇ ਪੋਰਨੋਗ੍ਰਾਫਿਕ ਸਮੱਗਰੀ ਤੋਂ ਇਲਾਵਾ ਝੂਠੀਆਂ ਖ਼ਬਰਾਂ ਅਤੇ AI ਰਾਹੀਂ ਤਿਆਰ ਕੀਤੀ ਅਜਿਹੀ ਸਮੱਗਰੀ ਵੀ ਮੌਜੂਦ ਹੈ, ਜਿਸ ਵਿੱਚ ਉਨ੍ਹਾਂ ਦੇ ਬਿਆਨਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਵਕੀਲ ਨੇ ਕਿਹਾ ਕਿ ਮੀਮਜ਼ ਅਤੇ ਹੋਰ ਵਿਅੰਗਮਈ ਸਮੱਗਰੀ ਵੀ ਆਨਲਾਈਨ ਉਪਲਬਧ ਹੈ, ਪਰ ਫਿਲਹਾਲ ਅੰਤਰਿਮ ਰਾਹਤ ਦੀ ਮੰਗ ਦੌਰਾਨ ਇਨ੍ਹਾਂ ਵਿਰੁੱਧ ਕਾਰਵਾਈ ’ਤੇ ਜ਼ੋਰ ਨਹੀਂ ਦਿੱਤਾ ਜਾ ਰਿਹਾ।
ਵਿਜੇ ਦੇਵਰਕੋਂਡਾ ਨੇ ਵੀ ਦਾਇਰ ਕੀਤਾ ਮੁਕੱਦਮਾ
ਇਸੇ ਦੌਰਾਨ, ਤੇਲਗੂ ਅਦਾਕਾਰ ਵਿਜੇ ਦੇਵਰਕੋਂਡਾ ਵੱਲੋਂ ਦਾਇਰ ਸ਼ਖਸੀਅਤ ਅਧਿਕਾਰਾਂ ਨਾਲ ਸਬੰਧਤ ਇੱਕ ਹੋਰ ਮੁਕੱਦਮੇ ’ਤੇ ਵੀ ਹਾਈ ਕੋਰਟ ਨੇ ਅੰਤਰਿਮ ਹੁਕਮ ਜਾਰੀ ਕਰਨ ਦੇ ਸੰਕੇਤ ਦਿੱਤੇ ਹਨ। ਦੇਵਰਕੋਂਡਾ ਦੇ ਵਕੀਲ ਨੇ ਦੋਸ਼ ਲਾਇਆ ਕਿ ਵੱਖ-ਵੱਖ ਮਾਧਿਅਮਾਂ ਰਾਹੀਂ ਅਦਾਕਾਰ ਦੀ ਪਛਾਣ ਅਤੇ ਸ਼ਖਸੀਅਤ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਤੌਰ ’ਤੇ ਵਪਾਰਕ ਲਾਭ ਕਮਾਇਆ ਜਾ ਰਿਹਾ ਹੈ। ਇਸ ਵਿੱਚ ਉਨ੍ਹਾਂ ਦੀ ਪਛਾਣ ਨਾਲ ਜੁੜੀਆਂ ਵਸਤੂਆਂ ਦੀ ਵਿਕਰੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ AI ਰਾਹੀਂ ਬਣਾਈਆਂ ਸੋਸ਼ਲ ਮੀਡੀਆ ਪੋਸਟਾਂ, ਜਾਅਲੀ ਪਛਾਣ, ਗਲਤ ਪ੍ਰਚਾਰ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਦੇ ਮਾਮਲੇ ਵੀ ਉਠਾਏ ਗਏ।
ਕਈ ਪ੍ਰਮੁੱਖ ਹਸਤੀਆਂ ਵੀ ਲੈ ਚੁੱਕੀਆਂ ਹਨ ਅਦਾਲਤ ਦਾ ਸਹਾਰਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਕਾਰਾ ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ, ਸਲਮਾਨ ਖਾਨ, ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ, ਪੱਤਰਕਾਰ ਸੁਧੀਰ ਚੌਧਰੀ, ਪੌਡਕਾਸਟਰ ਰਾਜ ਸ਼ਮਾਨੀ, ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਅਤੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਸਮੇਤ ਕਈ ਪ੍ਰਮੁੱਖ ਹਸਤੀਆਂ ਆਪਣੇ ਸ਼ਖਸੀਅਤ ਅਤੇ ਪ੍ਰਚਾਰ ਅਧਿਕਾਰਾਂ ਦੀ ਸੁਰੱਖਿਆ ਲਈ ਅਦਾਲਤ ਦਾ ਰੁਖ ਕਰ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਕਈ ਮਾਮਲਿਆਂ ਵਿੱਚ ਹਾਈ ਕੋਰਟ ਵੱਲੋਂ ਅੰਤਰਿਮ ਰਾਹਤ ਵੀ ਦਿੱਤੀ ਗਈ ਸੀ।
