Punjab: ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ, ਪਾਕਿਸਤਾਨ ਦੀ ਥਾਂ ਬੰਗਲਾਦੇਸ਼ ਨੂੰ ਮਿਲੀ ਐਂਟਰੀ
- ਜਲੰਧਰ ਤੇ ਮੋਹਾਲੀ ਵਿੱਚ 5 ਨਵੰਬਰ ਤੱਕ ਹੋਣਗੇ ਮੁਕਾਬਲੇ
- ਖਿਤਾਬ ਲਈ ਭਾਰਤੀ ਟੀਮ ਮਜ਼ਬੂਤ ਦਾਅਵੇਦਾਰ
Punjab: Asian Champions Trophy Hockey Tournament: ਚੰਡੀਗੜ੍ਹ: ਪੰਜਾਬ ਵਿੱਚ ਲਗਭਗ ਦੋ ਦਹਾਕਿਆਂ ਬਾਅਦ ਅੰਤਰਰਾਸ਼ਟਰੀ ਹਾਕੀ ਮੈਚਾਂ ਦੀ ਵਾਪਸੀ ਹੋਣ ਜਾ ਰਹੀ ਹੈ। ਜਲੰਧਰ ਅਤੇ ਮੋਹਾਲੀ ਵਿੱਚ 27 ਅਕਤੂਬਰ ਤੋਂ 5 ਨਵੰਬਰ ਤੱਕ ਏਸ਼ੀਅਨ ਚੈਂਪੀਅਨਜ਼ ਟਰਾਫੀ ਪੁਰਸ਼ ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ। ਪਾਕਿਸਤਾਨ ਵੱਲੋਂ ਭਾਰਤ ਆ ਕੇ ਖੇਡਣ ਤੋਂ ਇਨਕਾਰ ਕਰਨ ਮਗਰੋਂ ਹੁਣ ਛੇ ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਬੰਗਲਾਦੇਸ਼ ਨੂੰ ਸ਼ਾਮਲ ਕੀਤਾ ਗਿਆ ਹੈ।
ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਅਨੁਸਾਰ, ਟੂਰਨਾਮੈਂਟ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਜਾਪਾਨ, ਚੀਨ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈਣਗੀਆਂ। ਜਾਪਾਨ ਦੇ ਆਈਚੀ-ਨਾਗੋਯਾ ਵਿੱਚ ਹਾਲ ਹੀ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਭਾਰਤ ਚਾਰ ਵਾਰ ਜਿੱਤ ਚੁੱਕਾ ਹੈ ਖਿਤਾਬ
ਭਾਰਤੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ ਚਾਰ ਵਾਰ ਜਿੱਤ ਚੁੱਕੀ ਹੈ। ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਭਾਰਤ ਨੇ ਲਾਸ ਏਂਜਲਸ ਓਲੰਪਿਕ 2028 ਲਈ ਵੀ ਕੁਆਲੀਫਾਈ ਕੀਤਾ ਹੈ। ਪਿਛਲੇ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿੱਚ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਪਾਕਿਸਤਾਨ ਦੀ ਸ਼ਮੂਲੀਅਤ ਦੀ ਗੱਲ ਕਹੀ ਸੀ। ਇਸ ਮੌਕੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਉਸ ਸਮੇਂ ਬੰਗਲਾਦੇਸ਼ ਅਤੇ ਓਮਾਨ ਨੂੰ ਰਿਜ਼ਰਵ ਟੀਮਾਂ ਵਿੱਚ ਰੱਖਿਆ ਗਿਆ ਸੀ।
ਪਾਕਿਸਤਾਨ ਨੇ ਨਿਰਪੱਖ ਥਾਂ ’ਤੇ ਟੂਰਨਾਮੈਂਟ ਕਰਵਾਉਣ ਦੀ ਕੀਤੀ ਸੀ ਮੰਗ
ਐਲਾਨ ਤੋਂ ਦੋ ਦਿਨ ਬਾਅਦ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰਦਿਆਂ ਏਸ਼ੀਅਨ ਹਾਕੀ ਫੈਡਰੇਸ਼ਨ (AHF) ਨੂੰ ਟੂਰਨਾਮੈਂਟ ਕਿਸੇ ਨਿਰਪੱਖ ਥਾਂ ’ਤੇ ਕਰਵਾਉਣ ਦੀ ਮੰਗ ਕੀਤੀ ਸੀ। ਮੁੰਬਈ ਵਿੱਚ 2008 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲੀ ਹਾਕੀ ਲੜੀ ਨਹੀਂ ਖੇਡੀ ਗਈ। ਪਾਕਿਸਤਾਨ ਨੇ ਆਖਰੀ ਵਾਰ 2023 ਵਿੱਚ ਭਾਰਤ ਵਿੱਚ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲਿਆ ਸੀ, ਜਿੱਥੇ ਉਹ ਛੇ ਟੀਮਾਂ ਵਿੱਚੋਂ ਪੰਜਵੇਂ ਸਥਾਨ ’ਤੇ ਰਿਹਾ ਸੀ। ਪਿਛਲੇ ਸਾਲ ਭਾਰਤ ਵਿੱਚ ਹੋਏ ਏਸ਼ੀਆ ਕੱਪ ਅਤੇ ਜੂਨੀਅਰ ਏਸ਼ੀਆ ਕੱਪ ਵਿੱਚ ਵੀ ਪਾਕਿਸਤਾਨ ਨੇ ਹਿੱਸਾ ਨਹੀਂ ਲਿਆ ਸੀ। ਭਾਰਤੀ ਹਾਕੀ ਟੀਮ ਨੇ ਆਖਰੀ ਵਾਰ 2006 ਵਿੱਚ ਪਾਕਿਸਤਾਨ ਦਾ ਦੌਰਾ ਕਰਕੇ ਲੜੀ ਖੇਡੀ ਸੀ।
ਕੋਚ ਫੁਲਟਨ ਨੇ ਕਿਹਾ-ਹੁਣ ਧਿਆਨ ਅਗਲੇ ਟੂਰਨਾਮੈਂਟ ’ਤੇ
ਭਾਰਤੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣਾ ਖ਼ਾਸ ਪ੍ਰਾਪਤੀ ਸੀ, ਪਰ ਹੁਣ ਉਹ ਬੀਤੇ ਸਮੇਂ ਦੀ ਗੱਲ ਹੈ। ਟੀਮ ਦਾ ਪੂਰਾ ਧਿਆਨ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ’ਤੇ ਹੈ ਅਤੇ ਖਿਡਾਰੀਆਂ ਨੂੰ ਆਪਣੀ ਜਿੱਤ ਵਾਲੀ ਲੈਅ ਕਾਇਮ ਰੱਖਣੀ ਪਵੇਗੀ।
