ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਲਈ ਅੜਿਆ INDIA ਗਠਜੋੜ: ਜਿੰਨਾ ਮਰਜ਼ੀ ਸਮਾਂ ਲੱਗੇ ਅੰਦੋਲਨ ਜਾਰੀ ਰਹੇਗਾ – ਰਾਹੁਲ ਗਾਂਧੀ
INDIA bloc adamant on Gyanesh Kumar’s resignation: ਨਵੀਂ ਦਿੱਲੀ: ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (SIR) ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ INDIA ਗਠਜੋੜ ਨੇ ਆਪਣਾ ਵਿਰੋਧ ਤੇਜ਼ ਕਰਨ ਦੇ ਸੰਕੇਤ ਦਿੱਤੇ ਹਨ। ਮੰਗਲਵਾਰ ਨੂੰ ਵਿਰੋਧੀ ਧਿਰ ਦੇ ਆਗੂਆਂ ਨੇ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਚਾਹ ’ਤੇ ਮੀਟਿੰਗ ਕੀਤੀ। ਕਰੀਬ ਦੋ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਸਾਰੇ ਆਗੂ ਇਕੱਠੇ ਮੀਡੀਆ ਸਾਹਮਣੇ ਆਏ।
ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਲੈਣਾ ਉਨ੍ਹਾਂ ਦਾ ਮਿਸ਼ਨ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਇੱਕ ਦਿਨ, ਇੱਕ ਸਾਲ ਜਾਂ ਦੋ ਸਾਲ ਵੀ ਲੱਗ ਜਾਣ, ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਮੁਤਾਬਕ, ਵਿਰੋਧੀ ਧਿਰ ਲੋਕਤੰਤਰੀ ਪ੍ਰਕਿਰਿਆ ਨੂੰ ਬਹਾਲ ਕਰਨ ਲਈ ਅੰਤ ਤੱਕ ਸੰਘਰਸ਼ ਕਰੇਗੀ।
ਪਿਛਲੇ ਅੱਠ ਦਿਨਾਂ ਵਿੱਚ ਵਿਰੋਧੀ ਧਿਰ ਦੇ ਆਗੂਆਂ ਦੀ ਇਹ ਛੇਵੀਂ ਮੀਟਿੰਗ ਸੀ। ਇਸ ਵਿੱਚ ਸੁਪ੍ਰਿਆ ਸੁਲੇ, ਡੀ. ਰਾਜਾ, ਤੇਜਸਵੀ ਯਾਦਵ, ਮੱਲਿਕਾਰਜੁਨ ਖੜਗੇ ਅਤੇ ਕਾਂਗਰਸ ਦੇ ਸੰਸਦ ਮੈਂਬਰ ਕੇ. ਸੁਰੇਸ਼ ਸਮੇਤ ਕਈ ਆਗੂ ਸ਼ਾਮਲ ਹੋਏ। ਸੀਪੀਆਈ (ਐੱਮ) ਦੇ ਆਗੂ ਐੱਮ.ਏ. ਬੇਬੀ ਨੇ ਦੋਸ਼ ਲਾਇਆ ਕਿ ਭਾਜਪਾ ਵੋਟ ਦੇ ਅਧਿਕਾਰ, ਵਿਰੋਧ ਪ੍ਰਦਰਸ਼ਨ ਲਈ ਥਾਂ ਅਤੇ ਲੋਕਤੰਤਰ ਨੂੰ ਖੋਹ ਰਹੀ ਹੈ।
ਅਮਿਤ ਸ਼ਾਹ ਦਾ ਰਾਹੁਲ ਗਾਂਧੀ ’ਤੇ ਪਲਟਵਾਰ
ਦੂਜੇ ਪਾਸੇ, ਦੇਸ਼ ਭਰ ਵਿੱਚ SIR ਅਤੇ ਚੋਣ ਕਮਿਸ਼ਨ ਖ਼ਿਲਾਫ਼ ਹੋ ਰਹੇ ਵਿਰੋਧ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲੀ ਵਾਰ ਬਿਆਨ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ SIR ਦੀ ਆੜ ਵਿੱਚ ਘੁਸਪੈਠੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਦੇਸ਼ ਦੀ ਜਨਤਾ ਉਨ੍ਹਾਂ ਦੇ ਏਜੰਡੇ ਨੂੰ ਸਮਝਦੀ ਹੈ।
ਸ਼ਾਹ ਨੇ ਕਿਹਾ ਕਿ SIR ਦੀ ਪ੍ਰਕਿਰਿਆ 2024 ਤੋਂ ਬਾਅਦ ਸ਼ੁਰੂ ਹੋਈ, ਜਦਕਿ ਰਾਹੁਲ ਗਾਂਧੀ ਦੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਕਾਂਗਰਸ ਲਗਾਤਾਰ ਚੋਣਾਂ ਹਾਰ ਰਹੀ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ 2029 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਹੋਰ ਹਾਰ ਲਈ ਤਿਆਰ ਰਹਿਣ ਦੀ ਗੱਲ ਕਹੀ।
ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ 2029 ਦੀਆਂ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਭਾਰੀ ਬਹੁਮਤ ਨਾਲ ਜਿੱਤੇਗਾ ਅਤੇ ਕਾਂਗਰਸ ਨੂੰ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
