ਮਾਨਸਾ ਤੋਂ ਬਾਅਦ ਫੇਰ ਵੱਡੀ ਵਾਰਦਾਤ ! ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ
- ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਮਾੜੀ ਪੰਨਵਾਂ ਦੀ ਘਟਨਾ
- ਦੋ ਗੰਭੀਰ ਜ਼ਖ਼ਮੀ, 15 ਤੋਂ ਵੱਧ ਹਮਲਾਵਰ ਹੋਣ ਦਾ ਦਾਅਵਾ
Another major incident after Mansa! Youth Murdered: ਮਾਨਸਾ : ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਪਿਆ ਸੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਨੇੜਲੇ ਪਿੰਡ ਮਾੜੀ ਪੰਨਵਾਂ ਵਿੱਚ ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਨਿਸ਼ਾਨ ਸਿੰਘ ਅਤੇ ਗੁਰਮੁਖ ਸਿੰਘ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ, ਪਿੰਡ ਦੀਆਂ ਗਲੀਆਂ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖੜ੍ਹੇ ਰਹਿਣ ਕਾਰਨ ਔਰਤਾਂ ਨੂੰ ਉੱਥੋਂ ਲੰਘਣ ਵਿੱਚ ਮੁਸ਼ਕਲ ਆਉਂਦੀ ਸੀ। ਵੀਰਵਾਰ ਨੂੰ ਜਦੋਂ ਕੁਝ ਵਿਅਕਤੀਆਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਕਥਿਤ ਤੌਰ ’ਤੇ ਬਿਕਰਮਜੀਤ ਸਿੰਘ, ਨਿਸ਼ਾਨ ਸਿੰਘ ਅਤੇ ਗੁਰਮੁਖ ਸਿੰਘ ’ਤੇ ਹਮਲਾ ਕਰ ਦਿੱਤਾ।
ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਬਿਕਰਮਜੀਤ ਸਿੰਘ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲਾਵਰਾਂ ਦੀ ਗਿਣਤੀ 15 ਤੋਂ ਵੱਧ ਸੀ ਅਤੇ ਉਹ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ।
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
