ਭਾਜਪਾ ਆਗੂ ਦਾ ਵਿਵਾਦਿਤ ਬਿਆਨ: ਜੇ ਜੰਗ ਹੋਈ ਤਾਂ ਪਾਕਿਸਤਾਨ ਨਾਲ ਹੋਵਾਂਗੇ ਖੜ੍ਹੇ !
BJP leader’s controversial statement on Pakistan: ਰਾਜਸਥਾਨ ਭਾਜਪਾ ਦੇ ਪ੍ਰਧਾਨ ਮਦਨ ਰਾਠੌੜ ਆਪਣੇ ਇੱਕ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਨੇ ਵੀਰਵਾਰ ਨੂੰ ਇੱਕ ਜਨਤਕ ਸਮਾਗਮ ਦੌਰਾਨ ਕਿਹਾ ਕਿ ਜੇਕਰ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਜੰਗ ਹੁੰਦੀ ਹੈ ਤਾਂ ਭਾਰਤ ਪਾਕਿਸਤਾਨ ਦੇ ਨਾਲ ਖੜ੍ਹਾ ਹੋਵੇਗਾ, ਕਿਉਂਕਿ ਉਹ ਸਾਡਾ ਗੁਆਂਢੀ ਦੇਸ਼ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਸਮਾਗਮ ਦੌਰਾਨ ਮਦਨ ਰਾਠੌੜ ਨੇ ਕਿਹਾ ਕਿ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਅੱਜ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਜੰਗ ਹੁੰਦੀ ਹੈ ਤਾਂ ਭਾਰਤ ਪਾਕਿਸਤਾਨ ਦੇ ਨਾਲ ਖੜ੍ਹਾ ਹੋਵੇਗਾ, ਕਿਉਂਕਿ ਉਹ ਸਾਡਾ ਗੁਆਂਢੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਆਪਸੀ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਦੇ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਦੇ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਹੋਣ ਤੋਂ ਬਾਅਦ ਸਿਆਸੀ ਵਿਵਾਦ ਸ਼ੁਰੂ ਹੋ ਗਿਆ।
ਕਾਂਗਰਸ ਨੇ ਭਾਜਪਾ ਤੋਂ ਕਾਰਵਾਈ ਦੀ ਮੰਗ ਕੀਤੀ
ਕਾਂਗਰਸ ਦੀ ਕੌਮੀ ਬੁਲਾਰਨ ਸ਼ਮਾ ਮੁਹੰਮਦ ਨੇ ਮਦਨ ਰਾਠੌੜ ਦੇ ਬਿਆਨ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਦੱਸਦਿਆਂ ਕਿਹਾ ਕਿ ਉੱਥੋਂ ਭਾਰਤੀ ਸੈਨਿਕਾਂ ਅਤੇ ਆਮ ਲੋਕਾਂ ’ਤੇ ਹਮਲਿਆਂ ਦਾ ਖ਼ਤਰਾ ਰਿਹਾ ਹੈ। ਸ਼ਮਾ ਮੁਹੰਮਦ ਨੇ ਸਵਾਲ ਕੀਤਾ ਕਿ ਜੇਕਰ ਭਾਜਪਾ ਇਸ ਬਿਆਨ ਨਾਲ ਸਹਿਮਤ ਨਹੀਂ ਹੈ ਤਾਂ ਰਾਠੌੜ ਵਿਰੁੱਧ ਕੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਵੀ ਸਵਾਲ ਉਠਾਏ। ਕਾਂਗਰਸ ਦੇ ਕੌਮੀ ਕੋਆਰਡੀਨੇਟਰ ਸੰਦੀਪ ਗੁਪਤਾ ਨੇ ਵੀ ਸੋਸ਼ਲ ਮੀਡੀਆ ’ਤੇ ਬਿਆਨ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਇਸ ਨਾਲ ਭਾਜਪਾ ਦਾ ਪਾਕਿਸਤਾਨ ਪ੍ਰਤੀ ਰੁਖ਼ ਸਾਹਮਣੇ ਆਉਂਦਾ ਹੈ।
‘ਆਪ’ ਆਗੂਆਂ ਨੇ ਵੀ ਜਤਾਇਆ ਵਿਰੋਧ
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਮਦਨ ਰਾਠੌੜ ਦੇ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਵਿਰੋਧ ਜਤਾਇਆ। ਦਿੱਲੀ ਇਕਾਈ ਨਾਲ ਜੁੜੇ ‘ਆਪ’ ਯੂਥ ਵਿੰਗ ਦੇ ਸੂਬਾ ਪ੍ਰਧਾਨ ਰਮੇਸ਼ ਮਟਿਆਲਾ ਅਤੇ ਪਾਰਟੀ ਆਗੂ ਵਿਨੈ ਮਹਾਬਲ ਮਿਸ਼ਰਾ ਨੇ ਵੀਡੀਓ ਪੋਸਟ ਕੀਤੀ। ਇਸ ਤੋਂ ਇਲਾਵਾ ‘ਆਪ’ ਦੇ ਉੱਤਰ ਪ੍ਰਦੇਸ਼ ਦੇ ਉਪ ਪ੍ਰਧਾਨ ਰਾਮ ਗੁਪਤਾ ਨੇ ਵੀ ਬਿਆਨ ਦੀ ਆਲੋਚਨਾ ਕੀਤੀ। ਰਾਮ ਗੁਪਤਾ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਪਾਕਿਸਤਾਨ ਦੀ ਵਿਚਾਰਧਾਰਾ ਵਿੱਚ ਸਮਾਨਤਾ ਹੈ। ਸੋਸ਼ਲ ਮੀਡੀਆ ’ਤੇ ਵੀ ਕਈ ਵਰਤੋਂਕਾਰਾਂ ਨੇ ਰਾਠੌੜ ਦੇ ਬਿਆਨ ’ਤੇ ਇਤਰਾਜ਼ ਜਤਾਇਆ। ਫਿਲਹਾਲ, ਇਸ ਬਿਆਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਭਾਜਪਾ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
