ਦਿਲ ਦਹਿਲਾਉਣ ਵਾਲੀ ਘਟਨਾ: 10 ਸਾਲ ਦੀ ਬੱਚੀ ਨੇ 18 ਮਹੀਨਿਆਂ ਦੀ ਬੱਚੀ ਨੂੰ ਛੇਵੀਂ ਮੰਜ਼ਿਲ ਤੋਂ ਸੁੱਟਿਆ
Girl throws 18-month-old child from sixth floor: ਮੁੰਬਈ: ਮੁੰਬਈ ਦੇ ਗੋਰੇਗਾਓਂ ਇਲਾਕੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 10 ਸਾਲਾ ਬੱਚੀ ਨੇ ਕਥਿਤ ਤੌਰ ’ਤੇ 18 ਮਹੀਨਿਆਂ ਦੀ ਬੱਚੀ ਨੂੰ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਰਾਤ ਕਰੀਬ 9 ਵਜੇ ਸ਼ਿਵਸ਼ਾਹੀ ਇਮਾਰਤ ਵਿੱਚ ਵਾਪਰੀ ਅਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਅਧਿਕਾਰੀ ਮੁਤਾਬਕ, ਸੀਸੀਟੀਵੀ ਫੁਟੇਜ ਵਿੱਚ ਬੱਚਾ ਛੇਵੀਂ ਮੰਜ਼ਿਲ ਤੋਂ ਡਿੱਗਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਕੁਝ ਸਮੇਂ ਬਾਅਦ ਕਥਿਤ ਤੌਰ ’ਤੇ ਬੱਚੇ ਨੂੰ ਸੁੱਟਣ ਵਾਲੀ ਨਾਬਾਲਗ ਬੱਚੀ ਉੱਥੋਂ ਭੱਜਦੀ ਅਤੇ ਬਾਅਦ ਵਿੱਚ ਉਸੇ ਮੰਜ਼ਿਲ ਦੇ ਰਸਤੇ ਵਿੱਚ ਸਾਈਕਲ ਚਲਾਉਂਦੀ ਦਿਖਾਈ ਦਿੱਤੀ।
ਬਿੱਲੀ ਨੂੰ ਲੈ ਕੇ ਹੋਇਆ ਸੀ ਝਗੜਾ
ਮ੍ਰਿਤਕ ਬੱਚੇ ਦਾ ਪਰਿਵਾਰ 1 ਅਕਤੂਬਰ ਨੂੰ ਹੀ ਇਮਾਰਤ ਵਿੱਚ ਰਹਿਣ ਆਇਆ ਸੀ। ਪਰਿਵਾਰ ਨੇ ਦੱਸਿਆ ਕਿ ਬਿੱਲੀ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚਾਲੇ ਪਹਿਲਾਂ ਵੀ ਝਗੜਾ ਹੋਇਆ ਸੀ। ਹਾਲਾਂਕਿ, ਝਗੜੇ ਦੇ ਅਸਲ ਕਾਰਨਾਂ ਬਾਰੇ ਹਾਲੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ 10 ਸਾਲਾ ਬੱਚੀ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸੀ। ਹਾਲਾਂਕਿ, ਇਸ ਸਬੰਧੀ ਅਧਿਕਾਰਤ ਤੌਰ ’ਤੇ ਕੋਈ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਬੱਚੇ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਪੁਲਿਸ ਵੱਲੋਂ ਜਾਂਚ ਜਾਰੀ
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ। ਡਿੰਡੋਸ਼ੀ ਪੁਲਿਸ ਨੇ ਅਚਾਨਕ ਮੌਤ ਸਬੰਧੀ ਰਿਪੋਰਟ (ADR) ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੁਲਿਸ ਨੇ ਨਾਬਾਲਗ ਬੱਚੀ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਸ ਦੀ ਮਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਦੋਸ਼ ਲਾਇਆ ਹੈ ਕਿ ਘਟਨਾ ਨੂੰ ਲੁਕਾਉਣ ਲਈ ਬੱਚੀ ਦੇ ਪਰਿਵਾਰ ਵੱਲੋਂ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਸਨ। ਇਸ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ।
