ਪਰਵਿੰਦਰ ਝੋਟਾ ਕਤਲਕਾਂਡ ਦਾ ਨਵਾਂ ਵੀਡੀਓ ਆਇਆ ਸਾਹਮਣੇ, ਮੁਲਜ਼ਮ ਨੇ ਪਿੱਛਿਓਂ ਮਾਰੀ ਗੋਲੀ
ਹੱਥ ਵਿੱਚ ਪਿਸਤੌਲ ਲੈ ਕੇ ਬਾਹਰ ਆਇਆ ਕੈਮਿਸਟ ਅਸ਼ਵਨੀ ਕੁਮਾਰ, ਮੌਕੇ ’ਤੇ ਖੜ੍ਹੇ ਲੋਕਾਂ ਨੇ ਡਰ ਕਾਰਨ ਨਹੀਂ ਕੀਤੀ ਰੋਕਣ ਦੀ ਹਿੰਮਤ
Mansa Murder Case new CCTV; ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨਾਲ ਜੁੜਿਆ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਕਥਿਤ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਹੱਥ ਵਿੱਚ ਪਿਸਤੌਲ ਲੈ ਕੇ ਦੁਕਾਨ ਤੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਉਹ ਬਾਹਰ ਖੜ੍ਹੇ ਝੋਟਾ ਨੂੰ ਪਿੱਛਿਓਂ ਗੋਲੀ ਮਾਰਦਾ ਨਜ਼ਰ ਆਉਂਦਾ ਹੈ।
ਵੀਡੀਓ ਵਿੱਚ ਘਟਨਾ ਵਾਲੀ ਥਾਂ ’ਤੇ ਕਈ ਲੋਕ ਖੜ੍ਹੇ ਦਿਖਾਈ ਦੇ ਰਹੇ ਹਨ, ਪਰ ਮੁਲਜ਼ਮ ਦੇ ਹੱਥ ਵਿੱਚ ਪਿਸਤੌਲ ਹੋਣ ਕਾਰਨ ਕੋਈ ਵੀ ਉਸ ਨੂੰ ਰੋਕਣ ਜਾਂ ਫੜਨ ਦੀ ਹਿੰਮਤ ਨਹੀਂ ਕਰਦਾ। ਇਸ ਦੌਰਾਨ ਇੱਕ ਵਿਅਕਤੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਵੀ ਦਿਖਾਈ ਦਿੰਦਾ ਹੈ, ਪਰ ਮੁਲਜ਼ਮ ਉਸ ਨੂੰ ਵੀ ਪਿਸਤੌਲ ਦਿਖਾ ਕੇ ਡਰਾਉਂਦਾ ਹੈ।
ਕਤਲਕਾਂਡ ਨਾਲ ਜੁੜਿਆ ਤੀਜਾ ਵੀਡੀਓ ਆਇਆ ਸਾਹਮਣੇ
ਪਰਵਿੰਦਰ ਝੋਟਾ ਦੇ ਕਤਲ ਨਾਲ ਸਬੰਧਤ ਇਹ ਤੀਜਾ ਵੀਡੀਓ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀਡੀਓ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਦੁਕਾਨ ਦੇ ਅੰਦਰ ਗੋਲੀ ਮਾਰਨ ਅਤੇ ਵਾਰਦਾਤ ਤੋਂ ਬਾਅਦ ਮੁਲਜ਼ਮ ਦੇ ਉੱਥੋਂ ਫ਼ਰਾਰ ਹੋਣ ਦੇ ਦ੍ਰਿਸ਼ ਦਿਖਾਈ ਦਿੱਤੇ ਸਨ।
ਝੋਟਾ ਦਾ 13 ਅਕਤੂਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਸਮੇਂ ਉਹ ਫੇਸਬੁੱਕ ’ਤੇ ਲਾਈਵ ਸੀ ਅਤੇ ਕੈਮਿਸਟ ਨੂੰ ਨਸ਼ੀਲੇ ਪਦਾਰਥ ਵੇਚਣ ਬਾਰੇ ਸਵਾਲ ਪੁੱਛ ਰਿਹਾ ਸੀ।
ਕਰੀਬ 14 ਸਕਿੰਟ ਦੇ ਵੀਡੀਓ ਵਿੱਚ ਕੀ ਦਿਖਿਆ?
ਕਰੀਬ 14 ਸਕਿੰਟ ਦੇ ਇਸ ਵੀਡੀਓ ਵਿੱਚ ਕੈਮਿਸਟ ਅਸ਼ਵਨੀ ਕੁਮਾਰ ਹੱਥ ਵਿੱਚ ਪਿਸਤੌਲ ਲੈ ਕੇ ਦੁਕਾਨ ਤੋਂ ਬਾਹਰ ਨਿਕਲਦਾ ਦਿਖਾਈ ਦਿੰਦਾ ਹੈ। ਉਸ ਸਮੇਂ ਉਹ ਗੁੱਸੇ ਵਿੱਚ ਨਜ਼ਰ ਆਉਂਦਾ ਹੈ ਅਤੇ ਆਲੇ-ਦੁਆਲੇ ਲੋਕ ਖੜ੍ਹੇ ਹੁੰਦੇ ਹਨ।
ਵੀਡੀਓ ਮੁਤਾਬਕ, ਝੋਟਾ ਗੋਲੀ ਲੱਗਣ ਤੋਂ ਬਾਅਦ ਬਾਹਰ ਖੜ੍ਹੇ ਤੜਫ਼ਦੇ ਦਿਖਾਈ ਦਿੰਦੇ ਹਨ। ਇਸ ਦੌਰਾਨ ਮੁਲਜ਼ਮ ਉਨ੍ਹਾਂ ਦੇ ਨੇੜੇ ਜਾਂਦਾ ਹੈ ਅਤੇ ਪਿੱਛਿਓਂ ਗੋਲੀ ਚਲਾ ਦਿੰਦਾ ਹੈ। ਇਸ ਤੋਂ ਬਾਅਦ ਝੋਟਾ ਅੱਗੇ ਵੱਲ ਭੱਜਦੇ ਦਿਖਾਈ ਦਿੰਦੇ ਹਨ।
ਵੀਡੀਓ ਵਿੱਚ ਮੁਲਜ਼ਮ ਨੂੰ ਮੁੜ ਪਿਸਤੌਲ ਲੋਡ ਕਰਦੇ ਵੀ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉੱਥੇ ਖੜ੍ਹਾ ਇੱਕ ਵਿਅਕਤੀ ਹਿੰਮਤ ਕਰਦਿਆਂ ਉਸ ਦੇ ਸਿਰ ’ਤੇ ਸਾਮਾਨ ਮਾਰਦਾ ਹੈ, ਪਰ ਮੁਲਜ਼ਮ ਉਸ ਨੂੰ ਵੀ ਪਿਸਤੌਲ ਦਿਖਾ ਕੇ ਪਿੱਛੇ ਹਟਣ ਲਈ ਮਜਬੂਰ ਕਰਦਾ ਦਿਖਾਈ ਦਿੰਦਾ ਹੈ।
ਇਸ ਨਵੇਂ ਵੀਡੀਓ ਦੇ ਸਾਹਮਣੇ ਆਉਣ ਨਾਲ ਪਰਵਿੰਦਰ ਝੋਟਾ ਕਤਲਕਾਂਡ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ।
