ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਗੱਲ ਵੱਢ ਕੇ ਕੀਤਾ ਕਤਲ, ਦੋਵੇਂ ਗ੍ਰਿਫ਼ਤਾਰ
Wife murders husband in collusion with lover: ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ਵਿੱਚ ਪੱਲਾ ਥਾਣਾ ਖੇਤਰ ਦੀ ਸ਼ਿਆਮ ਕਾਲੋਨੀ ਪਾਰਟ-1 ਵਿੱਚ ਪਤਨੀ ਵੱਲੋਂ ਕਥਿਤ ਤੌਰ ’ਤੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਪਿੰਡ ਕੁੰਵਰਪੁਰ ਵਾਸੀ ਗੋਪਾਲ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਗੋਪਾਲ ਦੀ ਪਤਨੀ ਕਾਜਲ ਅਤੇ ਉਸ ਦੇ ਕਥਿਤ ਪ੍ਰੇਮੀ ਯੋਗੇਂਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫੈਕਟਰੀ ਵਿੱਚ ਮਸ਼ੀਨ ਆਪਰੇਟਰ ਸੀ ਗੋਪਾਲ
ਗੋਪਾਲ ਡੀਐੱਲਐੱਫ ਇੰਡਸਟਰੀਅਲ ਏਰੀਆ ਦੀ ਇੱਕ ਫੈਕਟਰੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਸੀ। ਉਹ ਸ਼ਿਆਮ ਕਾਲੋਨੀ ਪਾਰਟ-1 ਵਿੱਚ ਕਿਰਾਏ ਦੇ ਮਕਾਨ ਵਿੱਚ ਇਕੱਲਾ ਰਹਿੰਦਾ ਸੀ, ਜਦਕਿ ਉਸ ਦੀ ਪਤਨੀ ਕਾਜਲ ਆਪਣੇ ਤਿੰਨ ਬੱਚਿਆਂ ਨਾਲ ਪਿੰਡ ਵਿੱਚ ਰਹਿੰਦੀ ਸੀ। ਦੋ ਦਿਨ ਪਹਿਲਾਂ ਕਾਜਲ ਆਪਣੀ ਧੀ ਸ਼ਾਲਿਨੀ ਅਤੇ ਦੋ ਪੁੱਤਰਾਂ ਨੂੰ ਲੈ ਕੇ ਗੋਪਾਲ ਕੋਲ ਆਈ ਸੀ।
ਧੀ ਦੇ ਫੋਨ ਤੋਂ ਬਾਅਦ ਪਰਿਵਾਰ ਪਹੁੰਚਿਆ
ਵੀਰਵਾਰ ਸ਼ਾਮ ਨੂੰ ਗੋਪਾਲ ਦੀ ਧੀ ਸ਼ਾਲਿਨੀ ਨੇ ਆਪਣੇ ਤਾਇਆ ਅਸ਼ੋਕ ਨੂੰ ਫੋਨ ਕਰਕੇ ਪਿਤਾ ਦੀ ਤਬੀਅਤ ਖ਼ਰਾਬ ਹੋਣ ਬਾਰੇ ਦੱਸਿਆ ਅਤੇ ਜਲਦੀ ਫਰੀਦਾਬਾਦ ਪਹੁੰਚਣ ਲਈ ਕਿਹਾ। ਜਦੋਂ ਅਸ਼ੋਕ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਕਾਨ ’ਤੇ ਪਹੁੰਚਿਆ ਤਾਂ ਗੋਪਾਲ ਦੀ ਲਾਸ਼ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਸੀ। ਉਸ ਦੀ ਗਰਦਨ ’ਤੇ ਚਾਕੂ ਨਾਲ ਵਾਰ ਕੀਤੇ ਗਏ ਸਨ। ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਪੁੱਛਗਿੱਛ ਦੌਰਾਨ ਪਤਨੀ ਨੇ ਕਤਲ ਦੀ ਗੱਲ ਮੰਨੀ
ਸੂਚਨਾ ਮਿਲਣ ’ਤੇ ਪੱਲਾ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ ਕਾਜਲ ਨੇ ਯੋਗੇਂਦਰ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ। ਯੋਗੇਂਦਰ ਵੀ ਹਾਥਰਸ ਜ਼ਿਲ੍ਹੇ ਦੇ ਪਿੰਡ ਕੁੰਵਰਪੁਰ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਕਾਜਲ ਨੇ ਹੀ ਉਸ ਨੂੰ ਕਤਲ ਲਈ ਪਿੰਡ ਤੋਂ ਬੁਲਾਇਆ ਸੀ।
ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ ਸੀ ਯੋਗੇਂਦਰ
ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ, ਘਟਨਾ ਸਮੇਂ ਗੋਪਾਲ ਅਤੇ ਕਾਜਲ ਇੱਕ ਕਮਰੇ ਵਿੱਚ ਸੁੱਤੇ ਹੋਏ ਸਨ, ਜਦਕਿ ਤਿੰਨੇ ਬੱਚੇ ਦੂਜੇ ਕਮਰੇ ਵਿੱਚ ਸਨ। ਦੋਸ਼ ਹੈ ਕਿ ਇਸੇ ਦੌਰਾਨ ਕਾਜਲ ਨੇ ਯੋਗੇਂਦਰ ਨੂੰ ਕਮਰੇ ਵਿੱਚ ਬੁਲਾਇਆ ਅਤੇ ਦੋਵਾਂ ਨੇ ਮਿਲ ਕੇ ਗੋਪਾਲ ਦਾ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਯੋਗੇਂਦਰ ਮੌਕੇ ਤੋਂ ਫਰਾਰ ਹੋ ਗਿਆ ਸੀ, ਪਰ ਪੁਲਿਸ ਨੇ ਬਾਅਦ ਵਿੱਚ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਤਿੰਨ ਸਾਲਾਂ ਤੋਂ ਸੰਪਰਕ ਵਿੱਚ ਸੀ ਕਾਜਲ
ਪੁਲਿਸ ਅਨੁਸਾਰ, ਕਾਜਲ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਯੋਗੇਂਦਰ ਦੇ ਸੰਪਰਕ ਵਿੱਚ ਸੀ। ਪੱਲਾ ਥਾਣੇ ਦੇ ਇੰਚਾਰਜ ਸਤਿਆਪ੍ਰਕਾਸ਼ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੋਪਾਲ ਦੇ ਭਰਾ ਅਸ਼ੋਕ ਨੇ ਉਸ ਦੀ ਧੀ ਸ਼ਾਲਿਨੀ ’ਤੇ ਵੀ ਸ਼ੱਕ ਜਤਾਇਆ ਸੀ, ਪਰ ਹੁਣ ਤੱਕ ਦੀ ਜਾਂਚ ਵਿੱਚ ਉਸ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
