ਗੁਆਂਢੀ ਨੇ ਮਾਂ-ਧੀ ’ਤੇ ਚਲਾਈਆਂ ਗੋਲੀਆਂ? ਛੱਤ ’ਤੇ ਭੱਜ ਕੇ ਬਚਾਈ ਜਾਨ
Tarn Taran Firing; ਤਰਨਤਾਰਨ ਸਿਟੀ ਪੁਲਸ ਨੇ ਗੁਆਂਢ ਵਿੱਚ ਰਹਿਣ ਵਾਲੀ ਮਾਂ-ਧੀ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਦੇ ਦੋਸ਼ ਹੇਠ ਭੈਣ-ਭਰਾ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਦੀਪ ਸਿੰਘ ਉਰਫ਼ ਰਾਜੂ ਅਤੇ ਉਸ ਦੀ ਭੈਣ ਕੰਵਲ ਵਜੋਂ ਹੋਈ ਹੈ। ਪੁਲਸ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਛੱਤ ’ਤੇ ਭੱਜ ਕੇ ਮਾਂ-ਧੀ ਨੇ ਬਚਾਈ ਜਾਨ
ਥਾਣਾ ਤਰਨਤਾਰਨ ਸਿਟੀ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਦਬੁਰਜੀ ਵਾਸੀ ਸੋਨੀਆ ਪਤਨੀ ਵਿਜੇ ਕੁਮਾਰ ਨੇ ਦੱਸਿਆ ਕਿ ਸ਼ਾਮ ਸਮੇਂ ਉਹ ਆਪਣੀ ਮਾਂ ਕਰਮਜੀਤ ਕੌਰ ਨਾਲ ਘਰ ਦੇ ਬਾਹਰ ਖੜ੍ਹੀ ਸੀ। ਇਸੇ ਦੌਰਾਨ ਉਨ੍ਹਾਂ ਦਾ ਗੁਆਂਢੀ ਰਾਜਦੀਪ ਸਿੰਘ ਉਰਫ਼ ਰਾਜੂ ਆਪਣੀ ਭੈਣ ਕੰਵਲ ਨਾਲ ਉੱਥੇ ਪਹੁੰਚਿਆ।
ਸੋਨੀਆ ਦੇ ਦੋਸ਼ਾਂ ਮੁਤਾਬਕ, ਰਾਜਦੀਪ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਤੋਂ ਘਬਰਾ ਕੇ ਮਾਂ-ਧੀ ਭੱਜ ਕੇ ਘਰ ਦੀ ਛੱਤ ’ਤੇ ਚਲੀਆਂ ਗਈਆਂ, ਜਿਸ ਨਾਲ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ।
ਪੁਰਾਣੀ ਰੰਜਿਸ਼ ਕਾਰਨ ਹਮਲਾ ਕਰਨ ਦਾ ਦੋਸ਼
ਸ਼ਿਕਾਇਤਕਰਤਾ ਸੋਨੀਆ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਕਿ ਰਾਜਦੀਪ ਸਿੰਘ ਪਹਿਲਾਂ ਵੀ ਉਸ ਦੇ ਪਤੀ ਖ਼ਿਲਾਫ਼ ਕਥਿਤ ਤੌਰ ’ਤੇ ਝੂਠੇ ਮੁਕੱਦਮੇ ਦਰਜ ਕਰਵਾ ਚੁੱਕਾ ਹੈ। ਉਸ ਦਾ ਦਾਅਵਾ ਹੈ ਕਿ ਇਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਰਾਜਦੀਪ ਅਤੇ ਉਸ ਦੇ ਪਰਿਵਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਇਹ ਹਮਲਾ ਕੀਤਾ ਗਿਆ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਥਾਣੇ ਦੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਅਤੇ ਮੁੱਢਲੀ ਜਾਂਚ ਦੇ ਆਧਾਰ ’ਤੇ ਰਾਜਦੀਪ ਸਿੰਘ ਅਤੇ ਉਸ ਦੀ ਭੈਣ ਕੰਵਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
