ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ
Gunfire at roadside eatery; 22-year-old youth killed: ਮੋਗਾ: ਜ਼ਿਲ੍ਹੇ ਦੇ ਪਿੰਡ ਜਲਾਲਾਬਾਦ ਨੇੜੇ ਸਥਿਤ ਕਰਨ ਢਾਬੇ ’ਤੇ ਢਾਬੇ ਦੇ ਮਾਲਕ ਦੇ ਰਿਸ਼ਤੇਦਾਰ ਕੋਲੋਂ ਰਿਵਾਲਵਰ ਦੇਖਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਢਾਬੇ ’ਤੇ ਕੰਮ ਕਰਦਾ ਸੀ। ਮੁੱਢਲੀ ਜਾਂਚ ਮੁਤਾਬਕ, ਗੋਲੀ ਢਾਬਾ ਮਾਲਕ ਦੇ ਰਿਸ਼ਤੇਦਾਰ ਵਿਕਰਮ ਸਿੰਘ ਤੋਂ ਅਚਾਨਕ ਚੱਲੀ, ਜੋ ਸੰਦੀਪ ਦੀ ਛਾਤੀ ਵਿੱਚ ਲੱਗੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਹੋਈ ਮੌਤ
ਡੀਐੱਸਪੀ ਧਰਮਕੋਟ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਰਨ ਢਾਬੇ ’ਤੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਮੁੱਢਲੀ ਜਾਂਚ ਅਨੁਸਾਰ, ਵਿਕਰਮ ਸਿੰਘ ਅਤੇ ਸੰਦੀਪ ਸਿੰਘ ਰਿਵਾਲਵਰ ਦੇਖ ਰਹੇ ਸਨ। ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ ਅਤੇ ਸੰਦੀਪ ਦੀ ਛਾਤੀ ਵਿੱਚ ਲੱਗ ਗਈ। ਜ਼ਖ਼ਮੀ ਸੰਦੀਪ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਡੀਐੱਸਪੀ ਮੁਤਾਬਕ, ਮ੍ਰਿਤਕ ਅਤੇ ਗੋਲੀ ਚਲਾਉਣ ਵਾਲਾ ਵਿਕਰਮ ਸਿੰਘ ਦੋਵੇਂ ਪਿੰਡ ਜਲਾਲਾਬਾਦ ਪੂਰਬੀ ਦੇ ਰਹਿਣ ਵਾਲੇ ਹਨ।
ਮਾਪਿਆਂ ਦਾ ਇਕਲੌਤਾ ਪੁੱਤ ਸੀ ਸੰਦੀਪ
ਸੰਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਸ ਦੀਆਂ ਦੋ ਵੱਡੀਆਂ ਭੈਣਾਂ ਹਨ। ਉਸ ਦੇ ਮਾਪੇ ਦਿਹਾੜੀ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਨੌਜਵਾਨ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਵਿਕਰਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।