ਸਰਹੱਦ ’ਤੇ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਪੁਲਿਸ ਮੁਲਾਜ਼ਮ ਹੀ ਨਿੱਕਲਿਆ ਤਸਕਰਾਂ ਦਾ ਸਾਥੀ ! 23 ਖੇਪਾਂ ਕੀਤੀਆਂ ਹਾਸਲ
Police personnel turns out to be accomplice of smugglers: ਤਰਨ ਤਾਰਨ: ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਲਈ ਐਂਟੀ ਡਰੋਨ ਸਿਸਟਮ ’ਤੇ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਮੁਲਜ਼ਮ ’ਤੇ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੇ ਗੰਭੀਰ ਦੋਸ਼ ਲੱਗੇ ਹਨ। ਕੁਝ ਦਿਨ ਪਹਿਲਾਂ 15 ਅਕਤੂਬਰ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਕਰਨਦੀਪ ਸਿੰਘ ਨੂੰ 15 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ‘ਤੇ 10 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ ਸੀ, ਜਾਣੀ ਕਿ ਉਸ ਕੋਲੋਂ ਕੁੱਲ 25 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।
ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਜਾਂਚ ਅਨੁਸਾਰ, ਸਿਪਾਹੀ ਕਰਨਦੀਪ ਸਿੰਘ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਜਾਂਦੀ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ ਅਤੇ ਜਾਂਚ ਨਾਲ ਜੁੜੇ ਸੂਤਰਾਂ ਅਨੁਸਾਰ ਉਹ ਜੂਨ ਮਹੀਨੇ ਤੋਂ ਹੁਣ ਤੱਕ ਸਰਹੱਦ ਪਾਰੋਂ ਆਈਆਂ ਕਰੀਬ 23 ਖੇਪਾਂ ਪ੍ਰਾਪਤ ਕਰ ਚੁੱਕਿਆ ਸੀ। ਦੋਸ਼ ਹੈ ਕਿ ਉਹ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਨੂੰ ਡਰੋਨ ਰਾਹੀਂ ਨਸ਼ਾ ਸੁੱਟਣ ਲਈ ਸੁਰੱਖਿਅਤ ਥਾਵਾਂ ਦੀ ਜਾਣਕਾਰੀ ਦਿੰਦਾ ਸੀ ਅਤੇ ਉਨ੍ਹਾਂ ਦੀ ਲੋਕੇਸ਼ਨ ਵੀ ਭੇਜਦਾ ਸੀ।
ਸੂਤਰਾਂ ਮੁਤਾਬਕ, ਉਸ ਨੇ ਪੁਲਿਸ ਨੂੰ ਦੋ ਖੇਪਾਂ ਬਰਾਮਦ ਕਰਵਾਉਣ ਵਿੱਚ ਵੀ ਮਦਦ ਕੀਤੀ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ ਕਿ ਸਿਪਾਹੀ ਖ਼ੁਦ ਹੈਰੋਇਨ ਦਾ ਨਸ਼ਾ ਕਰਦਾ ਸੀ ਅਤੇ ਇਸ ਕੰਮ ਬਦਲੇ ਉਸ ਨੂੰ ਤਸਕਰਾਂ ਤੋਂ ਪੈਸੇ ਤੇ ਨਸ਼ਾ ਮਿਲਦਾ ਸੀ। ਉਸ ਨੇ ਆਪਣੇ ਆਪ ਨੂੰ ਖ਼ਤਰਾ ਹੋਣ ਦਾ ਹਵਾਲਾ ਦੇ ਕੇ ਅਸਲਾ ਲਾਇਸੈਂਸ ਵੀ ਲਿਆ ਹੋਇਆ ਸੀ।
ਦੱਸ ਦਈਏ ਕਿ ਕਰਨਦੀਪ ਸਿੰਘ ਦੀ ਤਾਇਨਾਤੀ ਤਰਨ ਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਅਧੀਨ ਆਉਂਦੇ ਕੌਮਾਂਤਰੀ ਸਰਹੱਦੀ ਖੇਤਰ ਵਿੱਚ ਐਂਟੀ ਡਰੋਨ ਸਿਸਟਮ ’ਤੇ ਸੀ। ਪੰਜਾਬ ਸਰਕਾਰ ਵੱਲੋਂ ‘ਬਾਜ਼ ਅੱਖ’ ਮੁਹਿੰਮ ਤਹਿਤ ਸਰਹੱਦ ’ਤੇ ਐਂਟੀ ਡਰੋਨ ਸਿਸਟਮ ਨਾਲ ਲੈਸ ਕਈ ਬੱਸਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਪ੍ਰਣਾਲੀ ਦਾ ਮਕਸਦ ਪਾਕਿਸਤਾਨ ਵਾਲੇ ਪਾਸਿਓਂ ਡਰੋਨਾਂ ਰਾਹੀਂ ਭੇਜੀ ਜਾਂਦੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਦਾ ਪਤਾ ਲਗਾਉਣਾ ਹੈ। ਅਜਿਹੇ ਵਿੱਚ ਇਸ ਪ੍ਰਣਾਲੀ ’ਤੇ ਤਾਇਨਾਤ ਮੁਲਾਜ਼ਮ ਵਿਰੁੱਧ ਲੱਗੇ ਦੋਸ਼ਾਂ ਨੇ ਸਰਹੱਦੀ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਮਾਮਲੇ ਦੀ ਜਾਂਚ ਐਨਸੀਬੀ ਵੱਲੋਂ ਕੀਤੀ ਜਾ ਰਹੀ ਹੈ।