ਗੁਹਾਟੀ ਦੇ ਹੋਟਲ ’ਚ ਅੰਨ੍ਹੇਵਾਹ ਗੋਲੀਬਾਰੀ, ਇੱਕ ਹੀ ਪਰਿਵਾਰ ਦੇ 4 ਜੀਆਂ ਸਮੇਤ 5 ਦੀ ਮੌਤ
ਗੁਹਾਟੀ: ਅਸਾਮ ਦੀ ਰਾਜਧਾਨੀ ਗੁਹਾਟੀ ਦੇ ਜੀ.ਐੱਸ. ਰੋਡ ਸਥਿਤ ਬੋਰਾ ਸਰਵਿਸ ਇਲਾਕੇ ਦੇ ਹੋਟਲ ‘ਬਿਲਾਸ ਇਨ’ ਵਿੱਚ ਸੋਮਵਾਰ ਰਾਤ ਕਰੀਬ 9 ਵਜੇ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਘਟਨਾ ਦੇ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਕਮਿਸ਼ਨਰ ਪਾਰਥ ਸਾਰਥੀ ਮਹੰਤ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਖ਼ਮੀ ਨੂੰ ਗੁਹਾਟੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਜਾ ਰਹੀਆਂ ਹਨ। ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ ਦੱਸੇ ਜਾ ਰਹੇ ਹਨ।
ਹੋਟਲ ਦੇ ਲੀਜ਼ ਸਮਝੌਤੇ ਨੂੰ ਲੈ ਕੇ ਵਿਵਾਦ ਦਾ ਸ਼ੱਕ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਲੀਬਾਰੀ ਪਿੱਛੇ ਹੋਟਲ ਦੀ ਲੀਜ਼ ਅਤੇ ਜਾਇਦਾਦ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋ ਸਕਦਾ ਹੈ। ਪੁਲਿਸ ਮੁਤਾਬਕ, ਹੋਟਲ ਦੇ ਮਾਲਕ ਪੱਖ ਅਤੇ ਇਸ ਨੂੰ ਲੀਜ਼ ’ਤੇ ਲੈਣ ਵਾਲੇ ਵਿਅਕਤੀ ਵਿਚਾਲੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀ ਬਾਰੇ ਦੱਸਿਆ ਕਿ ਉਹ ਕੋਈ ਕਿਰਾਏ ਦਾ ਕਾਤਲ ਨਹੀਂ, ਸਗੋਂ ਹੋਟਲ ਨੂੰ ਲੀਜ਼ ’ਤੇ ਲੈਣ ਵਾਲਾ ਵਿਅਕਤੀ ਹੈ। ਉਸ ਦਾ ਮ੍ਰਿਤਕਾਂ ਨਾਲ ਕੋਈ ਪਰਿਵਾਰਕ ਸਬੰਧ ਨਹੀਂ ਸੀ ।
ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ
ਪੁਲਿਸ ਹੋਟਲ ਦੇ ਕਰਮਚਾਰੀਆਂ ਅਤੇ ਚਸ਼ਮਦੀਦਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਮੁੱਖ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ, ਜਾਂਚ ਹਾਲੇ ਮੁੱਢਲੇ ਪੜਾਅ ’ਤੇ ਹੈ ਅਤੇ ਜਾਇਦਾਦ ਵਿਵਾਦ ਨੂੰ ਗੋਲੀਬਾਰੀ ਦਾ ਸੰਭਾਵੀ ਕਾਰਨ ਮੰਨਿਆ ਜਾ ਰਿਹਾ ਹੈ।