ਕਰਵਾ ਚੋਥ ਤੋਂ ਇੱਕ ਦਿਨ ਪਹਿਲਾਂ ਚੋਰਾਂ ਨੇ ਕਰਤਾ ਕਾਂਡ, ਬਜ਼ਾਰ ਚੋਂ ਲੜਕੀ ਦਾ ਪਰਸ ਲੈਕੇ ਚੋਰ ਫਰਾਰ, CCTV ‘ਚ ਕੈਦ ਹੋਈ ਘਟਨਾ
Phagwara theft news; ਫਗਵਾੜਾ ਵਿੱਚ ਕਰਵਾ ਚੌਥ ਦੇ ਤਿਉਹਾਰ ਦੌਰਾਨ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਸੇਠੀ ਬੇਕਰੀ ਦੇ ਸਾਹਮਣੇ ਮਹਿੰਦੀ ਦਾ ਸਟਾਲ ਲਗਾਉਣ ਵਾਲੀ ਇੱਕ ਲੜਕੀ ਦਾ ਪਰਸ ਦੋ ਸਕੂਟਰੀ ਸਵਾਰ ਨੌਜਵਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪਰਸ ਵਿੱਚ ਮਹਿੰਦੀ ਦੇ ਕਰੀਬ 10 ਹਜ਼ਾਰ ਰੁਪਏ, ਪਛਾਣ ਪੱਤਰ ਅਤੇ ਚਾਂਦੀ ਦਾ ਸਮਾਨ ਸੀ। ਚੋਰੀ ਦੀ ਇਹ ਸਾਰੀ ਘਟਨਾ ਦੁਕਾਨ ‘ਤੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ।
ਪੀੜਤ ਲੜਕੀ ਤਾਨੀਆ ਨੇ ਦੱਸਿਆ ਕਿ ਕਰਵਾ ਚੌਥ ਦੇ ਮੌਕੇ ‘ਤੇ ਉਹ ਸੇਠੀ ਬੇਕਰੀ ਦੇ ਸਾਹਮਣੇ ਮਹਿੰਦੀ ਦਾ ਸਟਾਲ ਲਗਾ ਕੇ ਬੈਠੀ ਸੀ। ਇਸ ਦੌਰਾਨ ਦੋ ਨੌਜਵਾਨ ਸਕੂਟਰੀ ‘ਤੇ ਸਵਾਰ ਹੋ ਕੇ ਉੱਥੇ ਆਏ। ਮੁੱਢਲੀ ਨਜ਼ਰ ਵਿੱਚ ਉਹ ਸਟਾਲ ‘ਤੇ ਪਏ ਸਾਮਾਨ ਨੂੰ ਦੇਖਦੇ ਹੋਏ ਨਜ਼ਰ ਆਏ। ਕੁਝ ਸਮੇਂ ਬਾਅਦ ਦੋਵੇਂ ਮੁੜ ਉੱਥੇ ਆਏ ਅਤੇ ਮੇਜ਼ ‘ਤੇ ਪਿਆ ਪਰਸ ਚੁੱਕ ਕੇ ਫ਼ਰਾਰ ਹੋ ਗਏ।
ਤਾਨੀਆ ਮੁਤਾਬਕ, ਪਰਸ ਵਿੱਚ ਮਹਿੰਦੀ ਦੇ ਕੰਮ ਦੇ 10 ਹਜ਼ਾਰ ਰੁਪਏ, ਉਸ ਦੇ ਸਾਰੇ ਪਛਾਣ ਪੱਤਰ ਅਤੇ ਚਾਂਦੀ ਦਾ ਸਮਾਨ ਮੌਜੂਦ ਸੀ।
ਉੱਧਰ, ਸੇਠੀ ਬੇਕਰੀ ਦੇ ਮਾਲਕ ਦੀਪਕ ਸੇਠੀ ਨੇ ਦੱਸਿਆ ਕਿ ਇਹ ਲੜਕੀਆਂ ਹਰ ਸਾਲ ਕਰਵਾ ਚੌਥ ਦੇ ਮੌਕੇ ‘ਤੇ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਮਹਿੰਦੀ ਦਾ ਸਟਾਲ ਲਗਾਉਂਦੀਆਂ ਹਨ। ਇਸ ਵਾਰ ਦੋ ਸਕੂਟਰੀ ਸਵਾਰ ਨੌਜਵਾਨ ਪਰਸ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਵਾਰਦਾਤ ਦੁਕਾਨ ‘ਤੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਦੀਪਕ ਸੇਠੀ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਫਗਵਾੜਾ ਵਿੱਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ‘ਤੇ ਰੋਕ ਲਗਾਈ ਜਾਵੇ, ਤਾਂ ਜੋ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।