ਪੰਜਾਬ ਚੋਣਾਂ ਲਈ AAP ਦੀ ਤਿਆਰੀ ਤੇਜ਼, ਭਲਕੇ ਦਿੱਲੀ ‘ਚ ਸੱਦੀ ਅਹਿਮ ਮੀਟਿੰਗ, ਉਮੀਦਵਾਰਾਂ ਦੀ ਪਹਿਲੀ ਸੂਚੀ ਆਉਣ ਦੀ ਸੰਭਾਵਨਾ
AAP, Punjab Election 2026; ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਪਾਰਟੀ ਵੱਲੋਂ ਭਲਕੇ ਦਿੱਲੀ ਵਿੱਚ ਅਹਿਮ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਮੀਟਿੰਗ ਦਾ ਮੁੱਖ ਏਜੰਡਾ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਹੋਵੇਗਾ। ਇਸ ਦੌਰਾਨ ਵੱਖ-ਵੱਖ ਹਲਕਿਆਂ ਤੋਂ ਸੰਭਾਵੀ ਉਮੀਦਵਾਰਾਂ ਦੇ ਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸੂਤਰਾਂ ਮੁਤਾਬਕ, ਆਮ ਆਦਮੀ ਪਾਰਟੀ 15 ਨਵੰਬਰ ਤੋਂ ਪਹਿਲਾਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਹਾਲਾਂਕਿ, ਇਸ ਸਬੰਧੀ ਪਾਰਟੀ ਵੱਲੋਂ ਅਧਿਕਾਰਤ ਐਲਾਨ ਹੋਣਾ ਬਾਕੀ ਹੈ।
ਚੋਣ ਰਣਨੀਤੀ ਅਤੇ ਪ੍ਰਬੰਧਾਂ ‘ਤੇ ਵੀ ਹੋਵੇਗੀ ਚਰਚਾ
ਮੀਟਿੰਗ ਦੌਰਾਨ ਉਮੀਦਵਾਰਾਂ ਦੇ ਨਾਵਾਂ ਤੋਂ ਇਲਾਵਾ ਚੋਣ ਪ੍ਰਬੰਧਾਂ ਅਤੇ ਪਾਰਟੀ ਦੀ ਅਗਲੀ ਰਣਨੀਤੀ ਬਾਰੇ ਵੀ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ। ਇਸ ਮੀਟਿੰਗ ਨੂੰ ਪੰਜਾਬ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਦੇ ਅਹਿਮ ਪੜਾਅ ਵਜੋਂ ਦੇਖਿਆ ਜਾ ਰਿਹਾ ਹੈ। ਉਮੀਦਵਾਰਾਂ ਦੀ ਚੋਣ ਬਾਰੇ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਵੱਲੋਂ ਅਗਲੇ ਕਦਮ ਤੈਅ ਕੀਤੇ ਜਾ ਸਕਦੇ ਹਨ।
2022 ਦੀਆਂ ਚੋਣਾਂ ਵਿੱਚ AAP ਨੇ ਜਿੱਤੀਆਂ ਸਨ 92 ਸੀਟਾਂ
ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਾਰੀਆਂ 117 ਸੀਟਾਂ ‘ਤੇ ਚੋਣ ਲੜੀ ਸੀ ਅਤੇ 92 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਬਾਕੀ 25 ਸੀਟਾਂ ‘ਤੇ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਨਵੰਬਰ 2024 ਵਿੱਚ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ AAP ਨੇ ਗਿੱਦੜਬਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਸੀਟਾਂ ਜਿੱਤੀਆਂ, ਜਦਕਿ ਇੱਕ ਸੀਟ ਕਾਂਗਰਸ ਦੇ ਖਾਤੇ ਵਿੱਚ ਗਈ। ਇਸ ਤੋਂ ਬਾਅਦ ਵਿਧਾਨ ਸਭਾ ਵਿੱਚ AAP ਦੀਆਂ ਸੀਟਾਂ ਦੀ ਗਿਣਤੀ ਵਧ ਕੇ 94 ਹੋ ਗਈ।
ਨਵੰਬਰ 2025 ਵਿੱਚ ਤਰਨਤਾਰਨ ਸੀਟ ‘ਤੇ ਹੋਈ ਜ਼ਿਮਨੀ ਚੋਣ ਵਿੱਚ ਵੀ AAP ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12,091 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। ਜੁਲਾਈ 2024 ਤੋਂ ਨਵੰਬਰ 2025 ਤੱਕ ਹੋਈਆਂ ਸੱਤ ਜ਼ਿਮਨੀ ਚੋਣਾਂ ਵਿੱਚ ਪਾਰਟੀ ਨੇ ਛੇ ਸੀਟਾਂ ਜਿੱਤੀਆਂ, ਜਦਕਿ ਇੱਕ ਸੀਟ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਆਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਅਤੇ ਰਣਨੀਤੀ ‘ਤੇ ਪਾਰਟੀ ਦੀ ਅਗਲੀ ਕਾਰਵਾਈ ਅਹਿਮ ਰਹੇਗੀ।