ਲੁਧਿਆਣਾ ‘ਚ ਬਦਮਾਸ਼ਾਂ ਦਾ ਖੌਫ਼, ਰੇਤ ਕਾਰੋਬਾਰੀ ‘ਤੇ ਚਲਾਈਆਂ ਗੋਲੀਆਂ, ਵਾਰਦਾਤ ਨੂੰ ਅੰਜ਼ਾਮ ਦੇ ਫ਼ਰਾਰ ਹੋਏ ਹਮਲਾਵਰ
Ludhiana Sand Businessman Car Firing; ਲੁਧਿਆਣਾ ਵਿੱਚ ਵੀਰਵਾਰ ਤੜਕੇ ਕਰੀਬ 4 ਵਜੇ ਐਲਡੀਕੋ ਚੌਕੀ ਨੇੜੇ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਵਿੱਚ ਜਾ ਰਹੇ ਇੱਕ ਰੇਤ ਕਾਰੋਬਾਰੀ ਅਤੇ ਉਸ ਦੀ ਧੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਰੇਤ ਕਾਰੋਬਾਰੀ ਜਸਪਾਲ ਅਤੇ ਉਨ੍ਹਾਂ ਦੀ ਧੀ ਪ੍ਰਿਆ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮੁੱਢਲੀ ਜਾਣਕਾਰੀ ਮੁਤਾਬਕ, ਜਸਪਾਲ ਆਪਣੀ ਭੈਣ ਨੂੰ ਮਿਲ ਕੇ ਧੀ ਨਾਲ ਕਾਰ ਵਿੱਚ ਘਰ ਵਾਪਸ ਪਰਤ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਐਲਡੀਕੋ ਚੌਕੀ ਨੇੜੇ ਪਹੁੰਚੀ ਤਾਂ ਬਾਈਕ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕਰ ਦਿੱਤੀ।
ਕਾਰ ਦੇ ਬੋਨਟ ‘ਤੇ ਲੱਗੀ ਪਹਿਲੀ ਗੋਲੀ
ਜਾਣਕਾਰੀ ਅਨੁਸਾਰ, ਹਮਲਾਵਰਾਂ ਨੇ ਕਾਰ ਦੇ ਅੱਗੇ ਵੱਲ ਦੋ ਗੋਲੀਆਂ ਚਲਾਈਆਂ। ਪਹਿਲੀ ਗੋਲੀ ਕਾਰ ਦੇ ਬੋਨਟ ‘ਤੇ ਲੱਗੀ, ਜਦਕਿ ਦੂਜੀ ਗੋਲੀ ਜਸਪਾਲ ਦੀ ਛਾਤੀ ਨੂੰ ਛੂਹ ਕੇ ਉਨ੍ਹਾਂ ਦੀ ਧੀ ਪ੍ਰਿਆ ਦੀ ਗਰਦਨ ਵਿੱਚ ਜਾ ਲੱਗੀ। ਗੋਲੀਬਾਰੀ ਤੋਂ ਬਾਅਦ ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਮੁਲਜ਼ਮਾਂ ਦੀ ਭਾਲ ‘ਚ ਜੁਟੀ ਪੁਲਿਸ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨ ਹਮਲਾਵਰ ਬਾਈਕ ‘ਤੇ ਆਏ ਸਨ। ਪੁਲਿਸ ਵੱਲੋਂ ਵਾਰਦਾਤ ਵਾਲੀ ਥਾਂ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।
ਪੁਲਿਸ ਜ਼ਖ਼ਮੀ ਪਿਉ-ਧੀ ਦੇ ਬਿਆਨ ਦਰਜ ਕਰਕੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਅਗਲੀ ਕਾਨੂੰਨੀ ਕਾਰਵਾਈ ਕਰਨ ਵਿੱਚ ਜੁਟੀ ਹੋਈ ਹੈ।