ਦਿੱਲੀ ਹਵਾਈ ਅੱਡੇ ’ਤੇ 5 ਕਿਲੋ ਨਸ਼ੀਲਾ ਪਦਾਰਥ ਬਰਾਮਦ, ਕੌਮਾਂਤਰੀ ਬਾਜ਼ਾਰ ’ਚ ਕੀਮਤ 5 ਕਰੋੜ ਰੁਪਏ
- ਮਨੀਲਾ ਤੋਂ ਆਏ ਭਾਰਤੀ ਯਾਤਰੀ ਦੇ ਸਾਮਾਨ ’ਚੋਂ ਮਿਲਿਆ ਨਸ਼ੀਲਾ ਪਦਾਰਥ
- ਖਾਣ-ਪੀਣ ਦੀਆਂ ਚੀਜ਼ਾਂ ਦੇ ਪੈਕਟਾਂ ’ਚ ਹੋਇਆ ਸੀ ਲੁਕਾਇਆ
ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਕਰੀਬ 5 ਕਿਲੋ ਸ਼ੱਕੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਇਸ ਦੀ ਗੈਰ-ਕਾਨੂੰਨੀ ਬਾਜ਼ਾਰ ਵਿੱਚ ਕੀਮਤ ਲਗਭਗ 5 ਕਰੋੜ ਰੁਪਏ ਦੱਸੀ ਗਈ ਹੈ। ਇਹ ਪਦਾਰਥ ਮਨੀਲਾ (ਫਿਲੀਪੀਨਜ਼) ਤੋਂ ਆਏ ਇੱਕ ਭਾਰਤੀ ਯਾਤਰੀ ਦੇ ਸਾਮਾਨ ਵਿੱਚੋਂ ਮਿਲਿਆ।
ਦਿੱਲੀ ਕਸਟਮ ਵਿਭਾਗ ਮੁਤਾਬਕ, 30 ਅਤੇ 31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਮਿਲੀ ਖ਼ਾਸ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਹਵਾਈ ਅੱਡੇ ’ਤੇ ਤਾਇਨਾਤ ਏਅਰ ਇੰਟੈਲੀਜੈਂਸ ਯੂਨਿਟ ਅਤੇ ਪ੍ਰੀਵੈਂਟਿਵ ਸ਼ਿਫਟ ਦੇ ਅਧਿਕਾਰੀਆਂ ਨੇ ਯਾਤਰੀ ਨੂੰ ਰੋਕ ਕੇ ਉਸ ਦੇ ਸਾਮਾਨ ਦੀ ਜਾਂਚ ਕੀਤੀ।
ਜਾਂਚ ਦੌਰਾਨ ਰੋਜ਼ਾਨਾ ਵਰਤੋਂ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੇ ਪੈਕਟਾਂ ਵਿੱਚ ਬੜੀ ਚਲਾਕੀ ਨਾਲ ਲੁਕਾਇਆ ਗਿਆ ਕਰੀਬ 5 ਕਿਲੋ ਇਕੋ ਜਿਹੇ ਮਿਸ਼ਰਣ ਵਾਲਾ ਸ਼ੱਕੀ ਪਦਾਰਥ ਬਰਾਮਦ ਹੋਇਆ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਵਿੱਚ ਐੱਮਡੀਐੱਮਏ (MDMA) ਸਮੇਤ ਹੋਰ ਨਸ਼ੀਲੇ ਪਦਾਰਥ ਹੋ ਸਕਦੇ ਹਨ।
ਕਸਟਮ ਵਿਭਾਗ ਅਨੁਸਾਰ, ਮੁੱਢਲੇ ਮੌਕੇ ’ਤੇ ਕੀਤੇ ਗਏ ਟੈਸਟਾਂ ਵਿੱਚ ਸਿੰਥੈਟਿਕ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਦੇ ਸੰਕੇਤ ਮਿਲੇ ਹਨ। ਬਰਾਮਦ ਪਦਾਰਥ ਨੂੰ ਅਗਲੇਰੀ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ ਅਤੇ ਐੱਨਡੀਪੀਐੱਸ ਐਕਟ, 1985 ਤਹਿਤ ਜਾਂਚ ਕੀਤੀ ਜਾ ਰਹੀ ਹੈ।
ਵਿਭਾਗ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਜਾਰੀ ਰਹੇਗੀ ਅਤੇ ਹਵਾਈ ਰਸਤਿਆਂ ਰਾਹੀਂ ਨਸ਼ਿਆਂ ਦੀ ਤਸਕਰੀ ਰੋਕਣ ਦੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।