ਫਰਾਂਸ ’ਚ ਮਹਿੰਗਾਈ ਅਤੇ ਸਰਕਾਰੀ ਸੇਵਾਵਾਂ ਖ਼ਿਲਾਫ਼ ਪ੍ਰਦਰਸ਼ਨ, 3 ਲੱਖ ਤੋਂ ਵੱਧ ਲੋਕ ਸੜਕਾਂ ’ਤੇ ਉਤਰੇ
ਨਵੀਂ ਦਿੱਲੀ: ਫਰਾਂਸ ਵਿੱਚ ਵਧਦੀ ਮਹਿੰਗਾਈ ਅਤੇ ਸਰਕਾਰੀ ਸੇਵਾਵਾਂ ਦੀ ਮਾੜੀ ਹਾਲਤ ਖ਼ਿਲਾਫ਼ ਦੇਸ਼ ਭਰ ਵਿੱਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤੇ ਗਏ। ਸ਼ਨੀਵਾਰ ਨੂੰ ਹੋਏ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ ਕਰੀਬ 3.2 ਲੱਖ ਲੋਕ ਸ਼ਾਮਲ ਹੋਏ। ਹਾਲਾਂਕਿ, ਪਿਛਲੇ ਦੋ ਹਫ਼ਤਿਆਂ ਦੇ ਮੁਕਾਬਲੇ ਇਸ ਵਾਰ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਰਹੀ।
ਫਰਾਂਸ ਦੇ ਗ੍ਰਹਿ ਮੰਤਰਾਲੇ ਅਨੁਸਾਰ, ਇਕੱਲੇ ਪੈਰਿਸ ਵਿੱਚ ਕਰੀਬ 70 ਹਜ਼ਾਰ ਲੋਕਾਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਦੂਜੇ ਪਾਸੇ, ਪ੍ਰਦਰਸ਼ਨ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਅਸਲ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਵੱਧ ਸੀ। ਸਰਕਾਰੀ ਅੰਕੜਿਆਂ ਮੁਤਾਬਕ, 17 ਅਕਤੂਬਰ ਨੂੰ ਦੇਸ਼ ਭਰ ਵਿੱਚ 5 ਲੱਖ ਤੋਂ ਵੱਧ ਲੋਕ ਸੜਕਾਂ ’ਤੇ ਉਤਰੇ ਸਨ, ਜਦਕਿ 24 ਅਕਤੂਬਰ ਨੂੰ ਇਹ ਗਿਣਤੀ ਘਟ ਕੇ 4.1 ਲੱਖ ਰਹਿ ਗਈ ਸੀ।
ਸ਼ਨੀਵਾਰ ਦੁਪਹਿਰ ਤੱਕ ਜ਼ਿਆਦਾਤਰ ਥਾਵਾਂ ’ਤੇ ਪ੍ਰਦਰਸ਼ਨ ਸ਼ਾਂਤੀਪੂਰਨ ਰਹੇ। ਹਾਲਾਂਕਿ, ਲਿਓਂ ਅਤੇ ਟੂਲੂਜ਼ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਮਾਰਸੇਈ ਵਿੱਚ ਵੀ ਮਾਰਚ ਖ਼ਤਮ ਹੋਣ ਸਮੇਂ ਤਣਾਅ ਦੀ ਸਥਿਤੀ ਬਣ ਗਈ ਸੀ। 17 ਅਕਤੂਬਰ ਨੂੰ ਹੋਈਆਂ ਹਿੰਸਕ ਘਟਨਾਵਾਂ ਅਤੇ ਲੁੱਟ-ਖੋਹ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਵਾਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ।
ਪੈਰਿਸ ਵਿੱਚ ਮਾਰਚ ਦਾ ਰਸਤਾ ਬਦਲਿਆ
ਪੈਰਿਸ ਵਿੱਚ ਪ੍ਰਦਰਸ਼ਨਕਾਰੀਆਂ ਦੇ ਮਾਰਚ ਨੂੰ ਲੈ ਕੇ ਕਾਨੂੰਨੀ ਲੜਾਈ ਵੀ ਹੋਈ। ਫਰਾਂਸ ਦੀ ਸਰਵਉੱਚ ਪ੍ਰਸ਼ਾਸਕੀ ਅਦਾਲਤ ਨੇ ਸ਼ਨੀਵਾਰ ਨੂੰ ਨੇਸ਼ਨ ਅਤੇ ਬਾਸਤੀਲ ਦੇ ਦੋ ਪ੍ਰਮੁੱਖ ਚੌਕਾਂ ਵਿਚਕਾਰ ਮਾਰਚ ਕੱਢਣ ’ਤੇ ਲੱਗੀ ਪਾਬੰਦੀ ਬਰਕਰਾਰ ਰੱਖੀ। ਅਦਾਲਤ ਨੇ ਇਸ ਫ਼ੈਸਲੇ ਖ਼ਿਲਾਫ਼ ਟਰੇਡ ਯੂਨੀਅਨਾਂ ਦੀ ਅਪੀਲ ਵੀ ਖਾਰਜ ਕਰ ਦਿੱਤੀ।
ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪੈਰਿਸ ਦੇ ਪੂਰਬੀ ਹਿੱਸੇ ਵਿੱਚੋਂ ਲੰਘਣ ਵਾਲੇ ਬਦਲਵੇਂ ਰਸਤੇ ਨੂੰ ਮਨਜ਼ੂਰੀ ਦਿੱਤੀ। ਇਸ ਦਾ ਮਕਸਦ ਸਰਕਾਰੀ ਇਮਾਰਤਾਂ, ਸੈਰ-ਸਪਾਟਾ ਸਥਾਨਾਂ ਅਤੇ ਵੱਡੇ ਬਾਜ਼ਾਰਾਂ ਦੇ ਨੇੜੇ ਹਿੰਸਾ ਜਾਂ ਤਣਾਅ ਦੀ ਸੰਭਾਵਨਾ ਨੂੰ ਘਟਾਉਣਾ ਸੀ। ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੇ ਮਾਰਚ ਨੂੰ ਕੇਂਦਰੀ ਪੈਰਿਸ ਤੋਂ ਦੂਰ ਰੱਖਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਵਿਦਿਆਰਥੀਆਂ ਨੇ ਅਗਲੇ ਹਫ਼ਤੇ ਹਾਈ ਸਕੂਲਾਂ ਅਤੇ ਯੂਨੀਵਰਸਿਟੀਆਂ ਬੰਦ ਕਰਨ ਦਾ ਸੱਦਾ ਵੀ ਦਿੱਤਾ ਹੈ।