ਜੂਸ ਦੀ ਦੁਕਾਨ ਤੋਂ ਦੁਬਈ ਦੇ 200 ਕਰੋੜੀ ਵਿਆਹ ਤੱਕ… ਮਹਾਦੇਵ ਸੱਟਾ ਐਪ ਦਾ ਮੁੱਖ ਪ੍ਰਮੋਟਰ ਸੌਰਭ ਚੰਦਰਾਕਰ ਭਾਰਤ ਲਿਆਂਦਾ
ਓਮਾਨ ਤੋਂ ਹੋਇਆ ਸੌਰਭ ਚੰਦਰਾਕਰ ਦਾ ਭਾਰਤ ਹਵਾਲਗੀ, CBI ਅਤੇ ਹੋਰ ਕੇਂਦਰੀ ਏਜੰਸੀਆਂ ਦੀ ਕਾਰਵਾਈ
ਹਜ਼ਾਰਾਂ ਸੱਟੇਬਾਜ਼ੀ ਪੈਨਲ, ਫਰਜ਼ੀ ਬੈਂਕ ਖਾਤੇ ਅਤੇ ਹਵਾਲਾ ਨੈੱਟਵਰਕ ਰਾਹੀਂ ਪੈਸੇ ਭੇਜਣ ਦੇ ਦੋਸ਼
ED,Saurabh Chandrakar brought to India; ਮਹਾਦੇਵ ਆਨਲਾਈਨ ਸੱਟਾ ਐਪ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ CBI ਨੇ ਹੋਰ ਕੇਂਦਰੀ ਜਾਂਚ ਏਜੰਸੀਆਂ ਦੇ ਸਹਿਯੋਗ ਨਾਲ ਇਸ ਨੈੱਟਵਰਕ ਦੇ ਮੁੱਖ ਪ੍ਰਮੋਟਰ ਸੌਰਭ ਚੰਦਰਾਕਰ ਨੂੰ ਓਮਾਨ ਤੋਂ ਭਾਰਤ ਲਿਆਂਦਾ ਹੈ। ਛੱਤੀਸਗੜ੍ਹ ਦੇ ਭਿਲਾਈ ਵਿੱਚ ਜੂਸ ਦੀ ਦੁਕਾਨ ਚਲਾਉਣ ਤੋਂ ਲੈ ਕੇ ਦੁਬਈ ਵਿੱਚ ਕਥਿਤ ਤੌਰ ‘ਤੇ 200 ਕਰੋੜ ਰੁਪਏ ਦਾ ਵਿਆਹ ਕਰਨ ਤੱਕ ਸੌਰਭ ਚੰਦਰਾਕਰ ਦੀ ਕਹਾਣੀ ਕਾਫ਼ੀ ਚਰਚਾ ਵਿੱਚ ਰਹੀ ਹੈ। ਹੁਣ ਉਸ ਦੀ ਭਾਰਤ ਵਾਪਸੀ ਨਾਲ ਮਹਾਦੇਵ ਸੱਟਾ ਐਪ ਮਾਮਲੇ ਦੀ ਜਾਂਚ ਵਿੱਚ ਅਗਲੀ ਕਾਨੂੰਨੀ ਕਾਰਵਾਈ ਮਹੱਤਵਪੂਰਨ ਹੋਵੇਗੀ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਮੁਤਾਬਕ, ਸੌਰਭ ਚੰਦਰਾਕਰ ਅਤੇ ਉਸ ਦਾ ਸਾਥੀ ਰਵੀ ਉੱਪਲ ਇਸ ਸੱਟੇਬਾਜ਼ੀ ਨੈੱਟਵਰਕ ਦੇ ਮੁੱਖ ਸੰਚਾਲਕ ਸਨ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਦੋਵੇਂ ਦੁਬਈ ਵਿੱਚ ਬੈਠ ਕੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਸੱਟੇਬਾਜ਼ੀ ਦਾ ਕਾਰੋਬਾਰ ਚਲਾ ਰਹੇ ਸਨ। ਇਸ ਤੋਂ ਹੋਣ ਵਾਲੀ ਕਮਾਈ ਨੂੰ ਫਰਜ਼ੀ ਬੈਂਕ ਖਾਤਿਆਂ, ਹਵਾਲਾ ਅਤੇ ਵਿਦੇਸ਼ੀ ਕੰਪਨੀਆਂ ਰਾਹੀਂ ਘੁਮਾਇਆ ਜਾਂਦਾ ਸੀ।
ਭਿਲਾਈ ਦੀ ਜੂਸ ਦੀ ਦੁਕਾਨ ਤੋਂ ਸ਼ੁਰੂ ਹੋਇਆ ਸਫ਼ਰ
ਸੌਰਭ ਚੰਦਰਾਕਰ ਛੱਤੀਸਗੜ੍ਹ ਦੇ ਭਿਲਾਈ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰ ਦੀ ਉੱਥੇ ‘ਜੂਸ ਫੈਕਟਰੀ’ ਨਾਂ ਦੀ ਦੁਕਾਨ ਸੀ। ਜਾਂਚ ਨਾਲ ਜੁੜੇ ਦਸਤਾਵੇਜ਼ਾਂ ਮੁਤਾਬਕ, ਸੌਰਭ ਵੀ ਇਸ ਦੁਕਾਨ ‘ਤੇ ਕੰਮ ਕਰਦਾ ਸੀ ਅਤੇ ਉਸ ਨੂੰ ਹਰ ਮਹੀਨੇ ਕਰੀਬ 15 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਸੀ।
ED ਦਾ ਦੋਸ਼ ਹੈ ਕਿ ਮਹਾਦੇਵ ਆਨਲਾਈਨ ਬੁੱਕ ਸੱਟਾ ਐਪ ਦਾ ਕਾਰੋਬਾਰ ਵਧਣ ਤੋਂ ਬਾਅਦ ਸੌਰਭ ਅਤੇ ਉਸ ਦੇ ਸਾਥੀਆਂ ਦੀ ਜ਼ਿੰਦਗੀ ਤੇਜ਼ੀ ਨਾਲ ਬਦਲ ਗਈ। ਦੁਬਈ ਵਿੱਚ ਮਹਿੰਗੇ ਵਿਲਾ, ਨਿੱਜੀ ਜਹਾਜ਼, ਵਿਦੇਸ਼ੀ ਯਾਤਰਾਵਾਂ ਅਤੇ ਵੱਡੇ ਸਮਾਗਮਾਂ ‘ਤੇ ਭਾਰੀ ਖਰਚ ਕੀਤਾ ਜਾਣ ਲੱਗਾ। ਸੌਰਭ 16 ਫਰਵਰੀ 2022 ਨੂੰ ਭਾਰਤ ਤੋਂ ਬਾਹਰ ਗਿਆ ਸੀ। ਜਾਂਚ ਏਜੰਸੀ ਮੁਤਾਬਕ, ਇਸ ਤੋਂ ਬਾਅਦ ਉਹ ਦੁਬਈ ਤੋਂ ਸੱਟੇਬਾਜ਼ੀ ਨੈੱਟਵਰਕ ਚਲਾਉਣ ਲੱਗਾ।
3,200 ਤੋਂ ਵੱਧ ਪੈਨਲਾਂ ਰਾਹੀਂ ਚੱਲਦਾ ਸੀ ਸੱਟੇ ਦਾ ਨੈੱਟਵਰਕ
ED ਦੀ ਜਾਂਚ ਮੁਤਾਬਕ, ਮਹਾਦੇਵ ਐਪ ਦਾ ਨੈੱਟਵਰਕ ਭਾਰਤ ਅਤੇ UAE ਵਿੱਚ ਕਰੀਬ 3,200 ਪੈਨਲਾਂ ਰਾਹੀਂ ਚਲਾਇਆ ਜਾ ਰਿਹਾ ਸੀ। ਇਨ੍ਹਾਂ ਪੈਨਲਾਂ ਰਾਹੀਂ ਕ੍ਰਿਕਟ, ਫੁੱਟਬਾਲ, ਟੈਨਿਸ, ਤਾਸ਼ ਅਤੇ ਹੋਰ ਖੇਡਾਂ ‘ਤੇ ਸੱਟਾ ਲਗਾਇਆ ਜਾਂਦਾ ਸੀ।
ਜਾਂਚ ਏਜੰਸੀ ਅਨੁਸਾਰ, ਦੁਬਈ ਵਿੱਚ ਬੈਠੇ ਮੁੱਖ ਸੰਚਾਲਕ ਪੈਨਲ ਚਲਾਉਣ ਵਾਲਿਆਂ ਨੂੰ Login ID ਦਿੰਦੇ ਸਨ। ਇੱਕ ਪੈਨਲ ਸ਼ੁਰੂ ਕਰਨ ਲਈ ਕਰੀਬ 15 ਤੋਂ 20 ਲੱਖ ਰੁਪਏ ਦੀ ਸ਼ੁਰੂਆਤੀ ਰਕਮ ਦੀ ਲੋੜ ਹੁੰਦੀ ਸੀ। ਇਸ ਤੋਂ ਬਾਅਦ ਪੈਨਲ ਚਲਾਉਣ ਵਾਲੇ ਲੋਕ ਬੈਂਕ ਖਾਤੇ, ਮੋਬਾਈਲ ਫੋਨ, ਇੰਟਰਨੈੱਟ ਅਤੇ ਮੁਲਾਜ਼ਮਾਂ ਦਾ ਪ੍ਰਬੰਧ ਕਰਦੇ ਸਨ।
ਲੋਕਾਂ ਨੂੰ WhatsApp ਅਤੇ Telegram ਰਾਹੀਂ ਸੰਪਰਕ ਕਰਕੇ ਸੱਟੇਬਾਜ਼ੀ ਵਾਲੀਆਂ ਵੈੱਬਸਾਈਟਾਂ ਅਤੇ ਐਪਸ ‘ਤੇ ਪੈਸੇ ਲਗਾਉਣ ਲਈ ਕਿਹਾ ਜਾਂਦਾ ਸੀ। ਸ਼ੁਰੂਆਤ ਵਿੱਚ ਬੋਨਸ ਅਤੇ ਪ੍ਰਚਾਰ ਰਾਹੀਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾਂਦਾ ਸੀ।
ED ਦਾ ਦੋਸ਼ ਹੈ ਕਿ ਪੈਨਲਾਂ ਤੋਂ ਹੋਣ ਵਾਲੇ ਮੁਨਾਫ਼ੇ ਦਾ 70 ਤੋਂ 80 ਫ਼ੀਸਦੀ ਹਿੱਸਾ ਦੁਬਈ ਵਿੱਚ ਬੈਠੇ ਮੁੱਖ ਸੰਚਾਲਕਾਂ ਤੱਕ ਪਹੁੰਚਦਾ ਸੀ। ਜਾਂਚ ਵਿੱਚ ਇਹ ਵੀ ਦੋਸ਼ ਲੱਗਾ ਕਿ ਜੇਕਰ ਕੋਈ ਖਿਡਾਰੀ ਵੱਡੀ ਰਕਮ ਜਿੱਤ ਜਾਂਦਾ ਸੀ ਤਾਂ ਉਸ ਦੀ User ID ਬੰਦ ਕਰ ਦਿੱਤੀ ਜਾਂਦੀ ਸੀ, ਜਿਸ ਕਾਰਨ ਉਸ ਲਈ ਆਪਣੀ ਜਿੱਤੀ ਹੋਈ ਰਕਮ ਕਢਵਾਉਣਾ ਮੁਸ਼ਕਲ ਹੋ ਜਾਂਦਾ ਸੀ।
ਫਰਜ਼ੀ ਖਾਤਿਆਂ ਅਤੇ ਹਵਾਲਾ ਰਾਹੀਂ ਵਿਦੇਸ਼ ਭੇਜਿਆ ਜਾਂਦਾ ਸੀ ਪੈਸਾ
ED ਦੀ ਜਾਂਚ ਮੁਤਾਬਕ, ਸੱਟੇਬਾਜ਼ੀ ਤੋਂ ਮਿਲਣ ਵਾਲੀ ਰਕਮ ਨੂੰ ਸਿੱਧਾ ਮੁੱਖ ਸੰਚਾਲਕਾਂ ਤੱਕ ਪਹੁੰਚਾਉਣ ਦੀ ਬਜਾਏ ਕਈ ਬੈਂਕ ਖਾਤਿਆਂ ਰਾਹੀਂ ਘੁਮਾਇਆ ਜਾਂਦਾ ਸੀ। ਇਨ੍ਹਾਂ ਵਿੱਚ ਦੂਜਿਆਂ ਦੇ ਨਾਂ ‘ਤੇ ਖੋਲ੍ਹੇ ਗਏ ਖਾਤੇ ਅਤੇ ਕਮਿਸ਼ਨ ‘ਤੇ ਲਏ ਗਏ ਖਾਤੇ ਸ਼ਾਮਲ ਹੋਣ ਦਾ ਦੋਸ਼ ਹੈ। ਕੁਝ ਖਾਤੇ ਕਥਿਤ ਤੌਰ ‘ਤੇ ਧੋਖੇ ਨਾਲ ਹਾਸਲ ਕੀਤੇ KYC ਦਸਤਾਵੇਜ਼ਾਂ ਦੀ ਮਦਦ ਨਾਲ ਖੋਲ੍ਹੇ ਗਏ ਸਨ।
ਜਾਂਚ ਏਜੰਸੀ ਅਨੁਸਾਰ, ਪੈਸੇ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਕੇ ਕੁਝ ਰਕਮ ਨਕਦ ਕਢਵਾਈ ਜਾਂਦੀ ਸੀ ਅਤੇ ਹਵਾਲਾ ਰਾਹੀਂ ਵਿਦੇਸ਼ ਭੇਜੀ ਜਾਂਦੀ ਸੀ। ਇਸ ਤੋਂ ਇਲਾਵਾ ਦੁਬਈ ਦੀਆਂ ਕੰਪਨੀਆਂ, ਜਾਇਦਾਦਾਂ ਅਤੇ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀ ਪੈਸਾ ਲਗਾਉਣ ਦੇ ਦੋਸ਼ ਹਨ।
ED ਨੇ ਮਹਾਦੇਵ ਆਨਲਾਈਨ ਬੁੱਕ ਅਤੇ ਇਸ ਨਾਲ ਜੁੜੇ ਹੋਰ ਪਲੇਟਫਾਰਮਾਂ ਤੋਂ ਕੁੱਲ ਕਰੀਬ 88 ਹਜ਼ਾਰ ਕਰੋੜ ਤੋਂ 94 ਹਜ਼ਾਰ ਕਰੋੜ ਰੁਪਏ ਤੱਕ ਦੀ ਅਪਰਾਧ ਨਾਲ ਜੁੜੀ ਕਮਾਈ ਹੋਣ ਦਾ ਅਨੁਮਾਨ ਲਗਾਇਆ ਹੈ। ਇਸ ਅੰਦਾਜ਼ੇ ਵਿੱਚ ਮਹਾਦੇਵ ਆਨਲਾਈਨ ਬੁੱਕ, SkyExchange ਅਤੇ Lotus365 ਵਰਗੇ ਪਲੇਟਫਾਰਮਾਂ ਨਾਲ ਜੁੜੀ ਕਥਿਤ ਕਮਾਈ ਵੀ ਸ਼ਾਮਲ ਹੈ।
ਦੁਬਈ ਵਿੱਚ 200 ਕਰੋੜ ਦੇ ਵਿਆਹ ਦੀ ਚਰਚਾ
ਸੌਰਭ ਚੰਦਰਾਕਰ ਦੀ ਸਭ ਤੋਂ ਵੱਧ ਚਰਚਾ ਉਸ ਸਮੇਂ ਹੋਈ ਜਦੋਂ ਫਰਵਰੀ 2023 ਵਿੱਚ ਉਸ ਨੇ UAE ਦੇ ਰਾਸ ਅਲ ਖੈਮਾਹ ਸਥਿਤ ਵਾਲਡੋਰਫ ਐਸਟੋਰੀਆ ਹੋਟਲ ਵਿੱਚ ਵਿਆਹ ਕੀਤਾ। ਵਿਆਹ ਦੇ ਸਮਾਗਮ 10 ਤੋਂ 14 ਫਰਵਰੀ ਤੱਕ ਚੱਲੇ ਸਨ। ED ਮੁਤਾਬਕ, ਇਸ ਵਿਆਹ ‘ਤੇ ਕਰੀਬ 200 ਕਰੋੜ ਰੁਪਏ ਖਰਚ ਕੀਤੇ ਗਏ ਸਨ।
ਜਾਂਚ ਏਜੰਸੀ ਅਨੁਸਾਰ, ਮਹਿਮਾਨਾਂ ਨੂੰ ਲਿਆਉਣ ਲਈ ਨਾਗਪੁਰ ਤੋਂ ਤਿੰਨ ਚਾਰਟਰਡ ਜਹਾਜ਼ ਭੇਜੇ ਗਏ ਸਨ। ਫਿਲਮੀ ਕਲਾਕਾਰਾਂ ਲਈ ਵੀ ਨਿੱਜੀ ਜਹਾਜ਼ਾਂ ਦਾ ਪ੍ਰਬੰਧ ਕੀਤਾ ਗਿਆ ਸੀ।
ED ਵੱਲੋਂ ਜਾਂਚ ਦੌਰਾਨ ਸਾਹਮਣੇ ਆਏ ਰਿਕਾਰਡਾਂ ਮੁਤਾਬਕ, ਇਵੈਂਟ ਕੰਪਨੀ ਦੇ ਦਸਤਾਵੇਜ਼ਾਂ ਵਿੱਚ ਕਰੀਬ 112 ਕਰੋੜ ਰੁਪਏ ਦਾ ਖਰਚ ਦਰਜ ਸੀ। ਹੋਟਲ ‘ਤੇ ਲਗਭਗ 42 ਕਰੋੜ, ਮਹਿਮਾਨਾਂ ਦੀਆਂ ਟਿਕਟਾਂ, ਹੋਟਲ ਅਤੇ ਵੀਜ਼ਾ ‘ਤੇ ਕਰੀਬ 37 ਕਰੋੜ ਅਤੇ ਜਹਾਜ਼ਾਂ ਦੇ ਕਿਰਾਏ ‘ਤੇ ਲਗਭਗ 7 ਕਰੋੜ ਰੁਪਏ ਖਰਚ ਹੋਣ ਦੀ ਜਾਣਕਾਰੀ ਮਿਲੀ ਸੀ।
ਜਾਂਚ ਏਜੰਸੀ ਦਾ ਦੋਸ਼ ਹੈ ਕਿ ਵਿਆਹ ਦੇ ਖਰਚੇ ਦਾ ਵੱਡਾ ਹਿੱਸਾ ਨਕਦੀ ਅਤੇ ਹਵਾਲਾ ਰਾਹੀਂ ਅਦਾ ਕੀਤਾ ਗਿਆ ਸੀ। ਵੱਖ-ਵੱਖ ਕੰਪਨੀਆਂ, ਹੋਟਲਾਂ ਅਤੇ ਟਰੈਵਲ ਏਜੰਸੀਆਂ ਦੇ ਰਿਕਾਰਡਾਂ ਦੀ ਜਾਂਚ ਤੋਂ ਬਾਅਦ ਵਿਆਹ ਦਾ ਕੁੱਲ ਖਰਚ ਕਰੀਬ 200 ਕਰੋੜ ਰੁਪਏ ਅੰਦਾਜ਼ਿਆ ਗਿਆ।
ਵਿਆਹ ਵਿੱਚ ਫਿਲਮੀ ਸਿਤਾਰਿਆਂ ਦੀ ਮੌਜੂਦਗੀ ਦੀ ਵੀ ਜਾਂਚ
ਇਸ ਵਿਆਹ ਵਿੱਚ ਫਿਲਮੀ ਅਤੇ ਟੀਵੀ ਜਗਤ ਦੀਆਂ ਕਈ ਹਸਤੀਆਂ ਦੇ ਸ਼ਾਮਲ ਹੋਣ ਅਤੇ ਪ੍ਰੋਗਰਾਮ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ। ਮੀਡੀਆ ਰਿਪੋਰਟਾਂ ਵਿੱਚ ਵਿਸ਼ਾਲ ਦਦਲਾਨੀ, ਟਾਈਗਰ ਸ਼ਰਾਫ, ਸਨੀ ਲਿਓਨੀ, ਨੇਹਾ ਕੱਕੜ ਅਤੇ ਨੁਸਰਤ ਭਰੂਚਾ ਵਰਗੇ ਨਾਂ ਆਏ ਸਨ।
ਅਕਤੂਬਰ 2023 ਵਿੱਚ ED ਨੇ ਮਹਾਦੇਵ ਐਪ ਮਾਮਲੇ ਵਿੱਚ ਕੁਝ ਫਿਲਮੀ ਅਤੇ ਟੀਵੀ ਕਲਾਕਾਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਰਣਬੀਰ ਕਪੂਰ, ਕਪਿਲ ਸ਼ਰਮਾ, ਹੁਮਾ ਕੁਰੈਸ਼ੀ, ਹਿਨਾ ਖਾਨ ਅਤੇ ਸ਼ਰਧਾ ਕਪੂਰ ਨੂੰ ਵੀ ਸੰਮਨ ਭੇਜੇ ਗਏ ਸਨ। ਏਜੰਸੀ ਇਨ੍ਹਾਂ ਕਲਾਕਾਰਾਂ ਦੀ ਮਾਮਲੇ ਵਿੱਚ ਭੂਮਿਕਾ ਅਤੇ ਭੁਗਤਾਨਾਂ ਨਾਲ ਜੁੜੇ ਪੱਖਾਂ ਦੀ ਜਾਂਚ ਕਰ ਰਹੀ ਸੀ।
ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ‘ਚ
ED ਦੀ ਜਾਂਚ ਵਿੱਚ ਸੌਰਭ ਦੇ ਵੱਡੇ ਭਰਾ ਗਿਤੇਸ਼ ਚੰਦਰਾਕਰ ਦਾ ਨਾਂ ਵੀ ਸਾਹਮਣੇ ਆਇਆ ਹੈ। ਜਾਂਚ ਏਜੰਸੀ ਮੁਤਾਬਕ, ਗਿਤੇਸ਼ ਦੁਬਈ ਵਿੱਚ ਰਹਿੰਦਾ ਸੀ ਅਤੇ ਮਹਾਦੇਵ ਦੇ ਨਾਲ ਰੈੱਡੀ ਅੰਨਾ, ਲੇਜ਼ਰ ਬੁੱਕ, ਫੇਅਰਪਲੇ ਅਤੇ ਅੰਬਾਨੀ ਬੁੱਕ ਵਰਗੇ ਪਲੇਟਫਾਰਮਾਂ ਦੇ ਕੰਮਕਾਜ ਨਾਲ ਜੁੜਿਆ ਹੋਇਆ ਸੀ। ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਇਆ। ਉਸ ਨਾਲ ਜੁੜੀ ਕਰੀਬ 59.5 ਲੱਖ ਰੁਪਏ ਦੀ ਜਾਇਦਾਦ ਵੀ ਅਟੈਚ ਕੀਤੀ ਗਈ।
ਇਸ ਤੋਂ ਇਲਾਵਾ ਰਵੀ ਉੱਪਲ, ਵਿਕਾਸ ਛਪਰਿਆ, ਸ਼ੁਭਮ ਸੋਨੀ ਅਤੇ ਅਤੁਲ ਅਗਰਵਾਲ ਵਰਗੇ ਨਾਂ ਵੀ ਜਾਂਚ ਵਿੱਚ ਸਾਹਮਣੇ ਆਏ ਹਨ। ED ਮੁਤਾਬਕ, ਰਵੀ ਉੱਪਲ ਸੌਰਭ ਦਾ ਕਾਰੋਬਾਰੀ ਸਾਥੀ ਸੀ, ਜਦਕਿ ਵਿਕਾਸ ਛਪਰਿਆ ‘ਤੇ ਪੈਸਿਆਂ ਦੇ ਲੈਣ-ਦੇਣ ਅਤੇ ਵਿਆਹ ਦੇ ਭੁਗਤਾਨਾਂ ਨਾਲ ਜੁੜੇ ਹੋਣ ਦੇ ਦੋਸ਼ ਹਨ। ਸ਼ੁਭਮ ਸੋਨੀ ‘ਤੇ ਨੈੱਟਵਰਕ ਦੇ ਵਿੱਤੀ ਕੰਮਕਾਜ ਅਤੇ ਨਕਦੀ ਪਹੁੰਚਾਉਣ ਨਾਲ ਜੁੜੇ ਹੋਣ ਦਾ ਦੋਸ਼ ਲਗਾਇਆ ਗਿਆ ਹੈ।
ਸਿਆਸੀ ਲੋਕਾਂ ਤੱਕ ਪੈਸਾ ਪਹੁੰਚਾਉਣ ਦੇ ਦੋਸ਼
ਮਹਾਦੇਵ ਸੱਟਾ ਐਪ ਮਾਮਲੇ ਵਿੱਚ ਛੱਤੀਸਗੜ੍ਹ ਦੀ ਸਿਆਸਤ ਨਾਲ ਜੁੜੇ ਦੋਸ਼ ਵੀ ਜਾਂਚ ਦਾ ਹਿੱਸਾ ਹਨ। ED ਦਾ ਦੋਸ਼ ਹੈ ਕਿ ਸੱਟੇਬਾਜ਼ੀ ਦੇ ਕਾਰੋਬਾਰ ਨੂੰ ਬਿਨਾਂ ਰੁਕਾਵਟ ਚਲਾਉਣ ਲਈ ਕੁਝ ਪੁਲਿਸ ਅਧਿਕਾਰੀਆਂ, ਸਰਕਾਰੀ ਮੁਲਾਜ਼ਮਾਂ ਅਤੇ ਸਿਆਸੀ ਸੰਪਰਕਾਂ ਤੱਕ ਪੈਸਾ ਪਹੁੰਚਾਇਆ ਜਾਂਦਾ ਸੀ। ਜਾਂਚ ਏਜੰਸੀ ਨੇ ਇਸ ਰਕਮ ਨੂੰ ‘ਲਾਇਜ਼ਨਿੰਗ ਮਨੀ’ ਕਿਹਾ ਹੈ।
2 ਨਵੰਬਰ 2023 ਨੂੰ ਰਾਏਪੁਰ ਵਿੱਚ ਅਸੀਮ ਦਾਸ ਨਾਲ ਜੁੜੇ ਟਿਕਾਣਿਆਂ ਅਤੇ ਇੱਕ ਵਾਹਨ ਵਿੱਚੋਂ 5.39 ਕਰੋੜ ਰੁਪਏ ਨਕਦ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ED ਮੁਤਾਬਕ, ਇਹ ਪੈਸਾ ਕਥਿਤ ਤੌਰ ‘ਤੇ ਸਿਆਸੀ ਲੋਕਾਂ ਤੱਕ ਪਹੁੰਚਾਇਆ ਜਾਣਾ ਸੀ। ਅਸੀਮ ਦਾਸ ਨੇ ਆਪਣੇ ਬਿਆਨ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਤੱਕ ਪੈਸਾ ਪਹੁੰਚਾਉਣ ਦੀ ਗੱਲ ਕਹੀ ਸੀ। ਹਾਲਾਂਕਿ, ਇਹ ਜਾਂਚ ਏਜੰਸੀ ਵੱਲੋਂ ਲਗਾਏ ਗਏ ਦੋਸ਼ ਹਨ ਅਤੇ ਮਾਮਲੇ ਦੀ ਕਾਨੂੰਨੀ ਜਾਂਚ ਜਾਰੀ ਹੈ।
ਇਸ ਮਾਮਲੇ ਵਿੱਚ ਛੱਤੀਸਗੜ੍ਹ ਦੀ ਆਰਥਿਕ ਅਪਰਾਧ ਜਾਂਚ ਸ਼ਾਖਾ (EOW) ਨੇ ਮਾਰਚ 2024 ਵਿੱਚ ਕੇਸ ਦਰਜ ਕੀਤਾ ਸੀ, ਜਦਕਿ CBI ਨੇ ਦਸੰਬਰ 2024 ਵਿੱਚ ਆਪਣਾ ਕੇਸ ਦਰਜ ਕੀਤਾ।
2,014 ਕਰੋੜ ਦੀ ਜਾਇਦਾਦ ਜ਼ਬਤ ਜਾਂ ਫ੍ਰੀਜ਼ ਕਰਨ ਦਾ ਦਾਅਵਾ
ED ਮੁਤਾਬਕ, ਅਗਸਤ 2023 ਤੋਂ ਜੁਲਾਈ 2026 ਦਰਮਿਆਨ ਇਸ ਮਾਮਲੇ ਵਿੱਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰਾਖੰਡ, ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਬਿਹਾਰ ਸਮੇਤ ਕਈ ਸੂਬਿਆਂ ਵਿੱਚ ਕਰੀਬ 190 ਥਾਵਾਂ ‘ਤੇ ਤਲਾਸ਼ੀ ਲਈ ਗਈ।
ਜਾਂਚ ਏਜੰਸੀ ਨੇ ਨਕਦੀ, ਸੋਨਾ, ਗਹਿਣੇ, ਬੈਂਕ ਖਾਤਿਆਂ ਅਤੇ ਸ਼ੇਅਰ ਬਾਜ਼ਾਰ ਵਿੱਚ ਕੀਤੇ ਨਿਵੇਸ਼ ਸਮੇਤ ਕਰੀਬ 2,014 ਕਰੋੜ ਰੁਪਏ ਦੀ ਰਕਮ ਅਤੇ ਜਾਇਦਾਦਾਂ ਜ਼ਬਤ ਜਾਂ ਫ੍ਰੀਜ਼ ਕਰਨ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਅਟੈਚਮੈਂਟ ਹੁਕਮਾਂ ਅਧੀਨ ਜਾਇਦਾਦਾਂ ਦੀ ਮੌਜੂਦਾ ਬਾਜ਼ਾਰ ਕੀਮਤ ਕਰੀਬ 3,500 ਕਰੋੜ ਰੁਪਏ ਦੱਸੀ ਗਈ ਹੈ।
ED ਮੁਤਾਬਕ, ਇਨ੍ਹਾਂ ਵਿੱਚੋਂ ਲਗਭਗ 1,800 ਕਰੋੜ ਰੁਪਏ ਦੀ ਜਾਇਦਾਦ ਵਿਦੇਸ਼ਾਂ ਵਿੱਚ ਅਤੇ 1,700 ਕਰੋੜ ਰੁਪਏ ਦੀ ਜਾਇਦਾਦ ਭਾਰਤ ਵਿੱਚ ਹੈ। ਦੁਬਈ ਵਿੱਚ 22 ਅਚੱਲ ਜਾਇਦਾਦਾਂ ਦਾ ਪਤਾ ਲੱਗਣ ਦੀ ਗੱਲ ਵੀ ਜਾਂਚ ਵਿੱਚ ਸਾਹਮਣੇ ਆਈ ਹੈ।
ਅਮਰੀਕੀ ਕੰਪਨੀ ਦੀ ਖਰੀਦ ਵਿੱਚ ਵੀ ਨਿਵੇਸ਼ ਦੀ ਜਾਂਚ
ਮਹਾਦੇਵ ਸੱਟਾ ਐਪ ਮਾਮਲੇ ਦੀ ਜਾਂਚ ਦਾ ਇੱਕ ਹੋਰ ਅਹਿਮ ਹਿੱਸਾ SkyExchange ਅਤੇ ਅਮਰੀਕੀ ਟੈਕਨਾਲੋਜੀ ਕੰਪਨੀ Ebix Inc. ਦੀ ਖਰੀਦ ਨਾਲ ਜੁੜਿਆ ਹੈ।
ED ਮੁਤਾਬਕ, SkyExchange ਦੇ ਸੰਚਾਲਕ ਹਰੀ ਸ਼ੰਕਰ ਤਿਬਰੇਵਾਲ ਦੇ ਸੌਰਭ ਚੰਦਰਾਕਰ ਦੇ ਨੈੱਟਵਰਕ ਨਾਲ ਕਾਰੋਬਾਰੀ ਸਬੰਧ ਸਨ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਤਿਬਰੇਵਾਲ ਨਾਲ ਜੁੜੀਆਂ ਵਿਦੇਸ਼ੀ ਕੰਪਨੀਆਂ ਅਤੇ ਫੰਡਾਂ ਰਾਹੀਂ ਕਰੀਬ 766 ਕਰੋੜ ਰੁਪਏ ਵਿਕਾਸ ਗਰਗ ਦੀਆਂ ਕੰਪਨੀਆਂ ਤੱਕ ਪਹੁੰਚੇ। ਇਸ ਰਕਮ ਨੂੰ ਅਮਰੀਕੀ ਕੰਪਨੀ Ebix Inc. ਦੀ ਖਰੀਦ ਲਈ ਕੀਤੇ ਗਏ ਨਿਵੇਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ED ਨੇ ਵਿਕਾਸ ਗਰਗ ਨੂੰ 14 ਜੁਲਾਈ 2026 ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਕਰੀਬ 941 ਕਰੋੜ ਰੁਪਏ ਦੀਆਂ ਜਾਇਦਾਦਾਂ ਅਟੈਚ ਕਰਨ ਦਾ ਹੁਕਮ ਵੀ ਜਾਰੀ ਕੀਤਾ।
14 ਗ੍ਰਿਫ਼ਤਾਰੀਆਂ, 116 ਮੁਲਜ਼ਮਾਂ ਦੇ ਨਾਂ ਚਾਰਜਸ਼ੀਟ ਵਿੱਚ
ED ਦੇ ਅਨੁਸਾਰ, ਅਗਸਤ 2023 ਤੋਂ ਜੁਲਾਈ 2026 ਦਰਮਿਆਨ ਇਸ ਮਾਮਲੇ ਵਿੱਚ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚ ਪੁਲਿਸ ਨਾਲ ਜੁੜੇ ਲੋਕ, ਪੈਨਲ ਸੰਚਾਲਕ, ਹਵਾਲਾ ਕਾਰੋਬਾਰੀ, ਨੈੱਟਵਰਕ ਦੇ ਮੈਨੇਜਰ ਅਤੇ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਣ ਵਾਲੇ ਲੋਕ ਸ਼ਾਮਲ ਹਨ।
ਜਾਂਚ ਏਜੰਸੀ ਨੇ ਵੱਖ-ਵੱਖ ਚਾਰਜਸ਼ੀਟਾਂ ਰਾਹੀਂ ਕੁੱਲ 116 ਮੁਲਜ਼ਮਾਂ ਦੇ ਨਾਂ ਦਰਜ ਕਰਨ ਦੀ ਜਾਣਕਾਰੀ ਦਿੱਤੀ ਹੈ। ਦਸਤਾਵੇਜ਼ਾਂ ਮੁਤਾਬਕ, ਕਈ ਮੁਲਜ਼ਮਾਂ ਨੂੰ ਵੱਖ-ਵੱਖ ਅਦਾਲਤਾਂ ਤੋਂ ਜ਼ਮਾਨਤ ਮਿਲ ਚੁੱਕੀ ਹੈ, ਜਦਕਿ ਵਿਕਾਸ ਗਰਗ ਨਿਆਂਇਕ ਹਿਰਾਸਤ ਵਿੱਚ ਹੈ।
ਹੁਣ ਸੌਰਭ ਚੰਦਰਾਕਰ ਤੋਂ ਹੋਵੇਗੀ ਪੁੱਛਗਿੱਛ
ਸੌਰਭ ਚੰਦਰਾਕਰ ਖ਼ਿਲਾਫ਼ ਸਤੰਬਰ 2023 ਵਿੱਚ ਰਾਏਪੁਰ ਦੀ ਵਿਸ਼ੇਸ਼ PMLA ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਨਵੰਬਰ 2023 ਵਿੱਚ ਉਸ ਖ਼ਿਲਾਫ਼ ਇੰਟਰਪੋਲ ਦਾ ਰੈੱਡ ਨੋਟਿਸ ਵੀ ਜਾਰੀ ਹੋਇਆ ਸੀ।
ED ਨੇ 20 ਅਕਤੂਬਰ 2023 ਨੂੰ ਉਸ ਖ਼ਿਲਾਫ਼ ਪਹਿਲੀ ਪ੍ਰੌਸੀਕਿਊਸ਼ਨ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਦਾ ਵਿਸ਼ੇਸ਼ PMLA ਅਦਾਲਤ ਨੇ 19 ਜਨਵਰੀ 2024 ਨੂੰ ਨੋਟਿਸ ਲਿਆ ਸੀ।
ਹੁਣ ਓਮਾਨ ਤੋਂ ਭਾਰਤ ਲਿਆਂਦੇ ਜਾਣ ਤੋਂ ਬਾਅਦ ਸੌਰਭ ਚੰਦਰਾਕਰ ਨੂੰ ਮਨੀ ਲਾਂਡਰਿੰਗ ਅਤੇ ਸੱਟੇਬਾਜ਼ੀ ਨੈੱਟਵਰਕ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਜਾਂਚ ਏਜੰਸੀਆਂ ਲਈ ਇਹ ਪਤਾ ਲਗਾਉਣਾ ਅਹਿਮ ਹੋਵੇਗਾ ਕਿ ਸੱਟੇਬਾਜ਼ੀ ਤੋਂ ਆਇਆ ਪੈਸਾ ਕਿੱਥੇ-ਕਿੱਥੇ ਭੇਜਿਆ ਗਿਆ ਅਤੇ ਇਸ ਪੂਰੇ ਨੈੱਟਵਰਕ ਵਿੱਚ ਹੋਰ ਕਿਹੜੇ ਲੋਕ ਸ਼ਾਮਲ ਸਨ।