ਦਰੱਖਤ ਨਾਲ ਲਟਕਦੀਆਂ ਮਿਲੀਆਂ ਦੋ ਨਾਬਾਲਗ ਭੈਣਾਂ ਦੀਆਂ ਲਾਸ਼ਾਂ
- ਇੱਕ ਦੀ ਉਮਰ 17 ਅਤੇ ਦੂਜੀ ਦੀ 15 ਸਾਲ
ਸ਼ਾਹਜਹਾਂਪੁਰ: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਦੋ ਨਾਬਾਲਗ ਕੁੜੀਆਂ ਦੀਆਂ ਲਾਸ਼ਾਂ ਇੱਕੋ ਦਰੱਖਤ ਨਾਲ ਲਟਕਦੀਆਂ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਦੋਵੇਂ ਕੁੜੀਆਂ ਦੀ ਉਮਰ 17 ਅਤੇ 15 ਸਾਲ ਸੀ ਅਤੇ ਉਹ ਆਪਸ ਵਿੱਚ ਮਮੇਰੀ-ਫੁਫੇਰੀ ਭੈਣਾਂ ਸਨ। ਉਨ੍ਹਾਂ ਦੀਆਂ ਲਾਸ਼ਾਂ ਵੱਖ-ਵੱਖ ਦੁਪੱਟਿਆਂ ਨਾਲ ਦਰੱਖਤ ’ਤੇ ਲਟਕ ਰਹੀਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਨਿਗੋਹੀ ਥਾਣਾ ਖੇਤਰ ਦੀ ਹੈ। ਸੋਮਵਾਰ ਸਵੇਰੇ ਕਰੀਬ 8 ਵਜੇ ਦੋਵਾਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਫੈਲਦਿਆਂ ਹੀ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੋਵਾਂ ਕੁੜੀਆਂ ਦੇ ਘਰਾਂ ਵਿਚਾਲੇ ਕਰੀਬ 200 ਮੀਟਰ ਦੀ ਦੂਰੀ ਦੱਸੀ ਜਾ ਰਹੀ ਹੈ।
ਦੀਵਾਲੀ ਮਨਾਉਣ ਤੋਂ ਬਾਅਦ ਘਰ ਪਰਤੀ ਸੀ 17 ਸਾਲਾ ਕੁੜੀ
ਪਿੰਡ ਵਾਸੀਆਂ ਮੁਤਾਬਕ ਇੱਕ ਕੁੜੀ ਦੇ ਮਾਪੇ ਨੋਇਡਾ ਵਿੱਚ ਰਹਿੰਦੇ ਹਨ ਅਤੇ ਉਹ ਆਪਣੇ ਦੋ ਭੈਣ-ਭਰਾਵਾਂ ਨਾਲ ਪਿੰਡ ਵਿੱਚ ਰਹਿ ਰਹੀ ਸੀ। ਦੂਜੀ ਕੁੜੀ ਦੇ ਪਿਤਾ ਕੰਬਾਈਨ ਮਸ਼ੀਨ ਦੇ ਆਪਰੇਟਰ ਹਨ ਅਤੇ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਏ ਹੋਏ ਸਨ। 17 ਸਾਲਾ ਕੁੜੀ ਦੇ ਭਰਾ ਨੇ ਦੱਸਿਆ ਕਿ ਦੀਵਾਲੀ ਮੌਕੇ ਉਸ ਦੀ ਭੈਣ ਆਪਣੀ ਰਿਸ਼ਤੇਦਾਰ ਦੀ ਛੋਟੀ ਧੀ ਦੇ ਘਰ ਦੀਵੇ ਜਗਾਉਣ ਅਤੇ ਪਟਾਕੇ ਚਲਾਉਣ ਗਈ ਸੀ। ਉਹ ਰਾਤ ਕਰੀਬ 9 ਵਜੇ ਘਰ ਵਾਪਸ ਆ ਗਈ ਸੀ। ਪਰਿਵਾਰ ਦੇ ਮੈਂਬਰ ਰਾਤ 12 ਵਜੇ ਤੱਕ ਜਾਗਦੇ ਰਹੇ ਅਤੇ ਉਸ ਦੀ ਭੈਣ ਉਨ੍ਹਾਂ ਦੇ ਸਾਹਮਣੇ ਹੀ ਸੌਂ ਗਈ ਸੀ। ਭਰਾ ਅਨੁਸਾਰ ਸੋਮਵਾਰ ਸਵੇਰੇ 6 ਵਜੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਭੈਣ ਬਿਸਤਰੇ ’ਤੇ ਨਹੀਂ ਸੀ। ਕਾਫ਼ੀ ਭਾਲ ਕਰਨ ਤੋਂ ਬਾਅਦ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਕੁੜੀਆਂ ਦੀਆਂ ਲਾਸ਼ਾਂ ਖੇਤਾਂ ਵਿੱਚ ਇੱਕ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ।
ਸਵੇਰੇ ਇਕੱਠਿਆਂ ਦੌੜ ਲਗਾਉਣ ਜਾਂਦੀਆਂ ਸਨ ਦੋਵੇਂ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਵੇਂ ਕੁੜੀਆਂ ਅਕਸਰ ਸਵੇਰੇ ਇਕੱਠੀਆਂ ਦੌੜ ਲਗਾਉਣ ਜਾਂਦੀਆਂ ਸਨ। ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਵਿਚਾਲੇ ਕਿਸੇ ਵਿਵਾਦ ਜਾਂ ਅਜਿਹੀ ਘਟਨਾ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।
ਸੋਸ਼ਲ ਮੀਡੀਆ ’ਤੇ ਰੀਲਾਂ ਪਾਉਂਦੀ ਸੀ 15 ਸਾਲਾ ਕੁੜੀ
ਪੁਲਿਸ ਅਧਿਕਾਰੀਆਂ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 15 ਸਾਲਾ ਕੁੜੀ ਸੋਸ਼ਲ ਮੀਡੀਆ ’ਤੇ ਅਕਸਰ ਰੀਲਾਂ ਪੋਸਟ ਕਰਦੀ ਸੀ। ਉਸ ਨੇ ਪਿਛਲੇ ਸ਼ੁੱਕਰਵਾਰ ਆਪਣੀ ਮਾਂ ਨਾਲ ਵੀ ਇੱਕ ਰੀਲ ਸਾਂਝੀ ਕੀਤੀ ਸੀ, ਜਿਸ ਵਿੱਚ ਫ਼ਿਲਮੀ ਗੀਤ ਚੱਲ ਰਿਹਾ ਸੀ। ਦੂਜੀ ਕੁੜੀ ਦਾ ਸੋਸ਼ਲ ਮੀਡੀਆ ’ਤੇ ਕੋਈ ਖਾਤਾ ਨਹੀਂ ਮਿਲਿਆ। ਫਿਲਹਾਲ ਦੋਵਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।