ਘਰ ਦੇ ਬਾਹਰ 10ਵੀਂ ਦੀ ਵਿਦਿਆਰਥਣ ’ਤੇ ਨੌਜਵਾਨ ਨੇ ਚਾਕੂ ਨਾਲ ਕੀਤਾ ਹਮਲਾ
ਨਵੀਂ ਦਿੱਲੀ: ਬੰਗਲਾਦੇਸ਼ ਦੇ ਕੁਸ਼ਤੀਆ ਸ਼ਹਿਰ ਵਿੱਚ ਸੋਮਵਾਰ ਨੂੰ ਇੱਕ 16 ਸਾਲਾ ਸਕੂਲੀ ਵਿਦਿਆਰਥਣ ’ਤੇ ਉਸ ਦੇ ਘਰ ਦੇ ਬਾਹਰ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਦੋਸ਼ ਹੈ ਕਿ ਲੰਬੇ ਸਮੇਂ ਤੋਂ ਪਿੱਛਾ ਕਰਕੇ ਤੰਗ ਕਰਨ ਵਾਲੇ ਨੌਜਵਾਨ ਨੇ ਵਿਦਿਆਰਥਣ ਵੱਲੋਂ ਵਿਰੋਧ ਕਰਨ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾ ਦੀ ਪਛਾਣ ਜ਼ਾਕੀਆ ਸੁਲਤਾਨਾ ਵਜੋਂ ਹੋਈ ਹੈ। ਉਹ ਕੁਸ਼ਤੀਆ ਮਿਸ਼ਨ ਸੈਕੰਡਰੀ ਸਕੂਲ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਥਾਨਾ ਪਾੜਾ ਇਲਾਕੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਘਟਨਾ ਕ੍ਰੇਸੈਂਟ ਕਲੱਬ ਨੇੜੇ ਉਸ ਦੇ ਘਰ ਦੇ ਬਾਹਰ ਵਾਪਰੀ।
ਸਥਾਨਕ ਸੂਤਰਾਂ ਮੁਤਾਬਕ ਜ਼ਾਕੀਆ ਸੋਮਵਾਰ ਦੁਪਹਿਰ ਕਰੀਬ 1:10 ਵਜੇ ਸਕੂਲ ਤੋਂ ਘਰ ਪਰਤੀ ਸੀ। ਉਹ ਘਰ ਦਾ ਗੇਟ ਖੁੱਲ੍ਹਣ ਦੀ ਉਡੀਕ ਕਰ ਰਹੀ ਸੀ ਕਿ ਇਸੇ ਦੌਰਾਨ ਇਮੋਨ ਨਾਮਕ ਇੱਕ ਹੋਰ ਵਿਦਿਆਰਥੀ ਨੇ ਅਚਾਨਕ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਲੜਕੀ ਦੀਆਂ ਚੀਕਾਂ ਸੁਣ ਕੇ ਲੋਕ ਮੌਕੇ ’ਤੇ ਪਹੁੰਚੇ ਤਾਂ ਮੁਲਜ਼ਮ ਚਾਕੂ ਉੱਥੇ ਛੱਡ ਕੇ ਫ਼ਰਾਰ ਹੋ ਗਿਆ। ਸਥਾਨਕ ਲੋਕਾਂ ਨੇ ਜ਼ਖ਼ਮੀ ਵਿਦਿਆਰਥਣ ਨੂੰ ਬਚਾ ਕੇ ਕੁਸ਼ਤੀਆ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਜਾਣਕਾਰੀ ਅਨੁਸਾਰ ਮੋਜਮਪੁਰ ਇਲਾਕੇ ਦਾ ਰਹਿਣ ਵਾਲਾ ਇਮੋਨ ਕਾਫ਼ੀ ਸਮੇਂ ਤੋਂ ਜ਼ਾਕੀਆ ਨੂੰ ਕਥਿਤ ਤੌਰ ’ਤੇ ਵੱਖ-ਵੱਖ ਤਰੀਕਿਆਂ ਨਾਲ ਪਰੇਸ਼ਾਨ ਕਰ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਦੋਵੇਂ ਕੋਚਿੰਗ ਕਲਾਸਾਂ ਵਿੱਚ ਇਕੱਠੇ ਪੜ੍ਹਦੇ ਸਨ, ਜਿੱਥੋਂ ਇਹ ਮਾਮਲਾ ਸ਼ੁਰੂ ਹੋਇਆ। ਪਰਿਵਾਰਕ ਮੈਂਬਰਾਂ ਦੇ ਦਖ਼ਲ ਤੋਂ ਬਾਅਦ ਉਸ ਨੇ ਕੁਝ ਸਮੇਂ ਲਈ ਲੜਕੀ ਨੂੰ ਤੰਗ ਕਰਨਾ ਬੰਦ ਕਰ ਦਿੱਤਾ ਸੀ।
ਜ਼ਾਕੀਆ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਇਮੋਨ ਨੇ ਉਸ ਦੇ ਪਰਿਵਾਰ ਵੱਲੋਂ ਆਪਣੇ ਘਰ ਸ਼ਿਕਾਇਤ ਕਰਨ ਦਾ ਬਦਲਾ ਲੈਣ ਲਈ ਪਹਿਲਾਂ ਤੋਂ ਯੋਜਨਾ ਬਣਾ ਕੇ ਹਮਲਾ ਕੀਤਾ। ਵਿਦਿਆਰਥਣ ਦੀ ਮਾਂ ਸੁਮੀ ਅਖ਼ਤਰ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਕੁਸ਼ਤੀਆ ਮਾਡਲ ਪੁਲਿਸ ਥਾਣੇ ਦੇ ਇੰਚਾਰਜ ਜ਼ਾਕਿਰ ਹੁਸੈਨ ਨੇ ਕਿਹਾ ਕਿ ਮਾਮਲੇ ਵਿੱਚ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।